ਮੁੰਬਈ : ਦਖਣੀ ਮੁੰਬਈ ਵਿਚ ਇਸ ਸਾਲ ਫ਼ਰਵਰੀ ਵਿਚ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਘਰ ਬਾਹਰੋਂ ਐਸਯੂਵੀ ਵਿਚ ਵਿਸਫੋਟਕ ਸਮੱਗਰੀ ਮਿਲਣ ਦੇ ਮਾਮਲੇ ਦੀ ਜਾਂਚ ਕਰ ਰਹੀ ਕੌਮੀ ਜਾਂਚ ਏਜੰਸੀ ਨੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀ ਨੇ ਦਸਿਆ ਕਿ ਸੰਵੇਦਨਸ਼ੀਲ ਮਾਮਲੇ ਵਿਚ ਜਾਂਚ ਦੌਰਾਨ ਗ੍ਰਿਫ਼ਤਾਰੀ ਮੁਲਜ਼ਮਾਂ ਦੇ ਨਾਮ ਸਾਹਮਣੇ ਆਏ। ਉਨ੍ਹਾਂ ਦਸਿਆ ਕਿ ਸੰਤੋਸ਼ ਸ਼ੇਲਾਰ ਅਤੇ ਆਨੰਦ ਜਾਧਵ ਨੂੰ 11 ਜੂਨ ਨੂੰ ਮਲਾਡ ਉਪਨਗਰ ਤੋਂ ਫੜਿਆ ਗਿਆ ਸੀ। ਪਹਿਲੀ ਨਜ਼ਰੇ ਲਗਦਾ ਹੈ ਕਿ ਦੋਵੇਂ ਅੰਬਾਨੀ ਦੇ ਘਰ ਦੇ ਲਾਗੇ ਗੱਡੀ ਨੂੰ ਉਥੇ ਰੱਖਣ ਵਿਚ ਸ਼ਾਮਲ ਸਨ ਜਿਸ ਵਿਚ ਵਿਸਫੋਟਕ ਸਮੱਗਰੀ ਪਈ ਸੀ। ਵਿਸ਼ੇਸ਼ ਅਦਾਲਤ ਨੇ ਦੋਹਾਂ ਨੂੰ 21 ਜੂਨ ਤਕ ਐਨਆਈਏ ਦੀ ਹਿਰਾਸਤ ਵਿਚ ਭੇਜ ਦਿਤਾ। ਐਨਆਈਏ ਪਤਾ ਲਾ ਰਹੀ ਹੈ ਕਿ ਕੀ ਸ਼ੇਲਾਰ ਅਤੇ ਜਾਧਵ ਦੀ ਠਾਣੇ ਦੇ ਕਾਰੋਬਾਰੀ ਮਨਸੁਖ ਹਿਰਨ ਦੀ ਹਤਿਆ ਵਿਚ ਕੋਈ ਭੂਮਿਕਾ ਹੈ ਜੋ ਕਥਿਤ ਰੂਪ ਵਿਚ ਅੰਬਾਨੀ ਦੇ ਘਰ ‘ਅੰਟਾਲੀਆ’ ਦੇ ਬਾਹਰ 25 ਫ਼ਰਵਰੀ ਨੂੰ ਬਰਾਮਦ ਉਸ ਗੱਡੀ ਦਾ ਮਾਲਕ ਸੀ। ਹਿਰਨ ਦੀ ਲਾਸ਼ ਪੰਜ ਮਾਰਚ ਨੂੰ ਠਾਣੇ ਦੇ ਤੱਟ ਤੋਂ ਮਿਲੀ ਸੀ। ਮੁੰਬਈ ਪੁਲਿਸ ਦੇ ਸਹਾਇਕ ਪੁਲਿਸ ਇੰਸਪੈਕਟਰ ਸਚਿਨ ਵਾਝੇ ਮਾਮਲੇ ਵਿਚ ਮੁੱਖ ਮੁਲਜ਼ਮ ਹੈ ਜਿਸ ਨੂੰ ਹੁਣ ਬਰਖ਼ਾਸਤ ਕਰ ਦਿਤਾ ਗਿਆ ਹੈ। ਅੰਬਾਨੀ ਦੀ ਸੁਰੱਖਿਆ ਵਿਚ ਕੁਤਾਹੀ ਅਤੇ ਹਿਰਨ ਦੀ ਹਤਿਆ ਦੇ ਮਾਮਲੇ ਵਿਚ ਹੁਣ ਤਕ ਤਿੰਨ ਅਧਿਕਾਰੀਆਂ, ਇਕ ਕਾਂਸਟੇਬਲ ਸਮੇਤ ਚਾਰ ਪੁਲਿਸ ਮੁਲਾਜ਼ਮਾਂ ਅਤੇ ਕ੍ਰਿਕਟ ਸੱਟੇਬਾਜ਼ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਪੁਲਿਸ ਮੁਲਾਜ਼ਮਾਂ ਨੂੰ ਸੇਵਾ ਤੋਂ ਬਰਖਾਸਤ ਕਰ ਦਿਤਾ ਗਿਆ ਹੈ।