ਨਵੀਂ ਦਿੱਲੀ : ਫ਼ੌਜ ਮੁਖੀ ਜਨਰਲ ਐਮਐਮ ਨਰਵਣੇ ਨੇ ਪੂਰਬੀ ਲਦਾਖ਼ ਦੀ ਗਲਵਾਨ ਘਾਟੀ ਵਿਚ ‘ਅਣਚਿਤਵੇ’ ਚੀਨੀ ਹਮਲੇ ਦਾ ਸਾਹਮਣਾ ਕਰਦੇ ਹੋਏ ਦੇਸ਼ ਦੀ ਖੇਤਰੀ ਅਖੰਡਤਾ ਖ਼ਾਤਰ ਇਕ ਸਾਲ ਪਹਿਲਾਂ ਅਪਣੇ ਪ੍ਰਾਣ ਨਿਛਾਵਰ ਕਰ ਦੇਣ ਵਾਲੇ 20 ਜਵਾਨਾਂ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ। ਫ਼ੌਜ ਨੇ ਘਾਤਕ ਝੜਪਾਂ ਦੀ ਪਹਿਲੀ ਬਰਸੀ ਮੌਕੇ ਕਿਹਾ ਕਿ ਜਵਾਨਾਂ ਨੇ ਸਭ ਤੋਂ ਮੁਸ਼ਕਲ ਇਲਾਕੇ ਵਿਚ ਦੁਸ਼ਮਣ ਨਾਲ ਲੜਦਿਆਂ ਕੁਰਬਾਨੀ ਦਿਤੀ ਜੋ ਦੇਸ਼ ਦੀ ਯਾਦ ਵਿਚ ਹਮੇਸ਼ਾ ਮੌਜੂਦ ਰਹੇਗੀ। ਫ਼ੌਜ ਨੇ ਟਵਿਟਰ ’ਤੇ ਕਿਹਾ, ‘ਜਨਰਲ ਐਮ ਐਮ ਨਰਵਣੇ ਅਤੇ ਭਾਰਤੀ ਫ਼ੌਜ ਦੇ ਸਾਰੇ ਰੈਂਕਾਂ ਦੇ ਅਧਿਕਾਰੀ ਦੇਸ਼ ਦੀ ਖੇਤਰੀ ਅਖੰਡਤਾ ਦੀ ਰਾਖੀ ਲਈ ਕੁਰਬਾਨੀ ਦੇਣ ਵਾਲੇ ਸਾਰੇ ਬਹਾਦਰਾਂ ਨੂੰ ਸ਼ਰਧਾਂਜਲੀ ਦਿੰਦੇ ਹਨ। ਉਨ੍ਹਾਂ ਦੀ ਬਹਾਦਰੀ ਦੀ ਯਾਦ ਹਮੇਸ਼ਾ ਬਣੀ ਰਹੇਗੀ।’ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਪਿਛਲੇ ਸਾਲ 15 ਜੂਨ ਨੂੰ ਭਿਆਨਕ ਝੜਪ ਵਿਚ 20 ਭਾਰਤੀ ਫ਼ੌਜੀ ਸ਼ਹੀਦ ਹੋ ਗਏ ਸਨ ਜਿਸ ਦੇ ਬਾਅਦ ਪੂਰਬੀ ਲਦਾਖ਼ ਵਿਚ ਸੰਘਰਸ਼ ਦੇ ਬਿੰਦੂਆਂ ’ਤੇ ਦੋਹਾਂ ਫ਼ੌਜਾਂ ਨੇ ਬਲ ਅਤੇ ਭਾਰੀ ਹਥਿਆਰ ਤੈਨਾਤ ਕੀਤੇ ਸਨ। ਚੀਨ ਨੇ ਫ਼ਰਵਰੀ ਵਿਚ ਮੰਨਿਆ ਸੀ ਕਿ ਭਾਰਤੀ ਫ਼ੌਜ ਨਾਲ ਸੰਘਰਸ਼ ਵਿਚ ਪੰਜ ਚੀਨਂੀ ਫ਼ੌਜੀ ਅਧਿਕਾੀਰ ਅਤੇ ਜਵਾਨ ਮਾਰੇ ਗਏ ਸਨ ਹਾਲਾਂਕਿ ਵਿਆਪਕ ਰੂਪ ਵਿਚ ਇਹ ਮੰਨਿਆ ਜਾਂਦਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਸੀ। ਫ਼ੌਜ ਨੇ ਕਿਹਾ, ‘20 ਭਾਰਤੀ ਫ਼ੌਜੀਆਂ ਨੇ ਚੀਨੀ ਹਮਲੇ ਦਾ ਸਾਹਮਣਾ ਕਰਦਿਆਂ ਸਾਡੀ ਧਰਤੀ ਦੀ ਰਾਖੀ ਲਈ ਕੁਰਬਾਨੀ ਦਿਤੀ ਅਤੇ ਚੀਨੀ ਫ਼ੌਜ ਨੂੰ ਭਾਰੀ ਨੁਕਸਾਨ ਪਹੁੰਚਾਇਆ।’ ਫ਼ੌਜ ਨੇ ਕਿਹਾ ਕਿ ਦੇਸ਼ ਇਨ੍ਹਾਂ ਫ਼ੌਜੀਆਂ ਦਾ ਹਮੇਸ਼ਾ ਧਨਵਾਦੀ ਰਹੇਗਾ ਜਿਹੜੇ ਦੇਸ਼ ਲਈ ਜਾਨਾਂ ਕੁਰਬਾਨ ਕਰ ਗਏ।