ਨਵੀਂ ਦਿੱਲੀ: ਬੇਸ਼ੱਕ ਅੱਜ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿਚ ਬਾਰਸ਼ ਪੈ ਰਹੀ ਹੈ ਪਰ ਇਹ ਮਾਨਸੂਨ ਨਹੀਂ ਹੈ। ਡਾ. ਐਮ. ਮਹਾਪਤਰਾ, ਮੌਸਮ ਵਿਭਾਗ ਅਨੁਸਾਰ ਸੋਮਵਾਰ ਨੂੰ ਮਾਨਸੂਨ ਨੇ ਉੱਤਰੀ ਹਰਿਆਣਾ ਤੇ ਪੰਜਾਬ ਦੇ ਕੁਝ ਹਿੱਸਿਆਂ 'ਚ ਦਸਤਕ ਦਿੱਤੀ ਹੈ, ਪਰ ਮਾਨਸੂਨ ਪੂਰੇ ਹਰਿਆਣਾ ਤੇ ਪੰਜਾਬ 'ਚ ਨਹੀਂ ਪਹੁੰਚਿਆ ਹੈ। ਅਗਲੇ ਪੰਜ-ਛੇ ਦਿਨਾਂ 'ਚ ਇਸ ਦੇ ਦਿੱਲੀ-ਐਨਸੀਆਰ ਪਹੁੰਚਣ ਦੀ ਕੋਈ ਸੰਭਾਵਨਾ ਨਹੀਂ। ਮਾਨਸੂਨ ਦੀ ਰਫ਼ਤਾਰ ਫਿਲਹਾਲ ਹੌਲੀ ਹੋ ਗਈ ਹੈ। ਪੰਜਾਬ ਤੇ ਹਰਿਆਣਾ ਨੂੰ ਮਾਨਸੂਨ ਦੀ ਬਾਰਸ਼ ਲਈ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ। ਦਰਅਸਲ ਬੰਗਾਲ ਦੀ ਖਾੜੀ 'ਚ ਮੌਨਸੂਨ ਨੇ ਜਿਹੜੀ ਰਫ਼ਤਾਰ ਫੜੀ ਸੀ ਝਾਰਖੰਡ ਦੇ ਖੇਤਰਾਂ 'ਚ ਪਹੁੰਚ ਕੇ ਹੌਲੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਮਾਨਸੂਨ ਸੂਰਤ, ਭੋਪਾਲ, ਹਮੀਰਪੁਰ, ਬਾਰਾਬੰਕੀ, ਅੰਬਾਲਾ, ਅੰਮ੍ਰਿਤਸਰ ਤੋਂ ਹੋ ਕੇ ਗੁਜਰੇਗਾ। ਇਸ ਨਾਲ ਇਨ੍ਹਾਂ ਸਾਰੀਆਂ ਥਾਵਾਂ 'ਤੇ ਵੀ ਮੀਂਹ ਪਵੇਗਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮਾਨਸੂਨ ਇੱਥੇ ਪੂਰਨ ਰੂਪ ਨਾਲ ਨਹੀਂ ਪਹੁੰਚਿਆ ਹੈ। ਸਕਾਈਮੇਟ ਮੌਸਮ ਅਨੁਸਾਰ ਮਾਨਸੂਨ ਦੀ ਸ਼ੁਰੂਆਤ ਸਿਰਫ਼ ਉਦੋਂ ਹੀ ਹੁੰਦੀ ਹੈ ਜਦੋਂ ਤੇਜ਼ ਹਵਾਵਾਂ ਚੱਲ ਰਹੀਆਂ ਹੋਣ, ਨਮੀ ਵੱਧ ਜਾਂਦੀ ਤੇ ਲਗਾਤਾਰ ਕਈ ਦਿਨਾਂ ਤਕ ਬਾਰਸ਼ ਹੁੰਦੀ ਹੈ। ਫਿ਼ਲਹਾਲ ਅਗਲੇ ਕਈ ਦਿਨਾਂ ਤਕ ਮਾਨਸੂਨ ਦੇ ਆਉਣ ਦੀ ਸੰਭਾਵਨਾ ਲਗਭਗ ਨਾ ਦੇ ਬਰਾਬਰ ਹੈ। ਮੌਸਮ ਵਿਭਾਗ ਦਾ ਇਹ ਵੀ ਕਹਿਣਾ ਹੈ ਕਿ ਪੱਛਮੀ ਹਵਾਵਾਂ ਕਾਰਨ ਉੱਤਰ-ਪੱਛਮੀ ਭਾਰਤ ਦੇ ਬਾਕੀ ਹਿੱਸਿਆਂ 'ਚ ਮਾਨਸੂਨ ਦੀ ਰਫ਼ਤਾਰ ਘੱਟ ਹੋਣ ਦੀ ਸੰਭਾਵਨਾ ਹੈ।