ਮੁੰਬਈ : ਕੋਵਿਡ 19 ਦਾ ਅਸਰ ਹਾਲੇ ਖ਼ਤਮ ਨਹੀਂ ਹੋਇਆ ਕਿ ਤੀਜੀੇ ਲਹਿਰ ਦੀ ਆਮਦ ਦਾ ਖ਼ਦਸ਼ਾ ਪ੍ਰਗਟ ਕਰ ਦਿਤਾ ਗਿਆ ਹੈ। ਹੁਣ ਮਾਹਰਾਂ ਨੇ ਕਿਹਾ ਹੈ ਕਿ ਮਹਾਰਾਸ਼ਟਰ ਵਿਚ ਕੋਰੋਨਾ ਦੀ ਤੀਜੀ ਲਹਿਰ ਦੋ ਚਾਰ ਹਫ਼ਤਿਆਂ ਅੰਦਰ ਆ ਸਕਦੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਪ੍ਰਧਾਨਗੀ ਵਿਚ ਕੋਰੋਨਾ ਦੀਆਂ ਤਿਆਰੀਆਂ ਬਾਰੇ ਬਣਾਈ ਗਈ ਟਾਸਕ ਫ਼ੋਰਸ ਨਾਲ ਮੀਟਿੰਗ ਹੋਈ। ਇਸ ਬੈਠਕ ਵਿਚ ਕਈ ਅਹਿਮ ਗੱਲਾਂ ਨਿਕਲ ਕੇ ਆਈਆਂ। ਸਟੇਟ ਟਾਸਕ ਫ਼ੋਰਸ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਦੋ ਤੋਂ ਚਾਰ ਹਫ਼ਤਿਆਂ ਅੰਦਰ ਰਾਜ ਵਿਚ ਕੋਰੋਨਾ ਦੀ ਤੀਜੀ ਲਹਿਰ ਆ ਸਕਦੀ ਹੈ। ਟਾਸਕ ਫ਼ੋਰਸ ਨੇ ਇਹ ਵੀ ਕਿਹਾ ਕਿ ਇਸ ਲਹਿਰ ਦਾ ਅਸਰ 10 ਫ਼ੀਸਦੀ ਅਸਰ ਬੱਚਿਆਂ ’ਤੇ ਪੈ ਸਕਦਾ ਹੈ। ਇਸ ਮੀਟਿੰਗ ਵਿਚ ਇਹ ਵੀ ਗੱਲ ਸਾਹਮਣੇ ਆਈ ਕਿ ਕੋਰੋਨਾ ਦੀ ਤੀਜੀ ਲਹਿਰ ਵਿਚ ਕੇਸਾਂ ਦੀ ਕੁਲ ਗਿਣਤੀ ਦੂਜੀ ਲਹਿਰ ਵਿਚ ਆਏ ਕੁਲ ਕੇਸਾਂ ਦੀ ਦੁਗਣੀ ਹੋ ਸਕਦੀ ਹੈ। ਰਾਜ ਵਿਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ ਅੱਠ ਤੋਂ ਦਸ ਲੱਖ ਤਕ ਪਹੁੰਚ ਸਕਦੀ ਹੈ। ਮਾਹਰਾਂ ਨੇ ਇਹ ਵੀ ਕਿਹਾ ਕਿ ਮਰੀਜ਼ਾਂ ਵਿਚ 10 ਫ਼ੀਸਦੀ ਗਿਣਤੀ ਬੱਚਿਆਂ ਦੀ ਹੋ ਸਕਦੀ ਹੈ। ਡੇਲਟਾ ਪਲੱਸ ਕਿਸਮ ਦੇ ਮਾਮਲੇ ਆਉਣ ਵਿਚਾਲੇ ਹੁਣ ਮਹਾਰਾਸ਼ਟਰ ਵਿਚ ਸੰਭਾਵੀ ਤੀਜੀ ਲਹਿਰ ਲਈ ਤਿਆਰੀਆਂ ਨੂੰ ਲੈ ਕੇ ਇਹ ਸਮੀਖਿਆ ਬੈਠਕ ਕੀਤੀ ਗਈ ਸੀ। ਟਾਸਕ ਫ਼ੋਰਸ ਨੇ ਮੁੱਖ ਮੰਤਰੀ ਨੂੰ ਚੇਤਾਇਆ ਕਿ ਬੇਹੱਦ ਤੇਜ਼ੀ ਨਾਲ ਫੈਲਣ ਵਾਲਾ ਡੇਲਟਾ ਪਲੱਸ ਵੈਰੀਅੰਟ ਰਾਜ ਵਿਚ ਤੀਜੀ ਲਹਿਰ ਲਿਆ ਸਕਦਾ ਹੈ।