ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਵਾਪਰੀਆਂ ਹਿੰਸਕ ਘਟਨਾਵਾਂ ਦੇ ਮਾਮਲੇ ਵਿਚ ਦਿੱਲੀ ਪੁਲਿਸ ਨੇ ਅਦਾਕਾਰ-ਕਾਰਕੁਨ ਦੀਪ ਸਿੱਧੂ ਅਤੇ ਹੋਰਾਂ ਵਿਰੁਧ ਸਪਲੀਮੈਂਟਰੀ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਮੁੱਖ ਮੈਟਰੋਪਾਲੀਟਨ ਜੱਜ ਗਜੇਂਦਰ ਸਿੰਘ ਨਾਗਰ ਨਵੇਂ ਦੋਸ਼ ਪੱਤਰ ਦਾ ਨੋਟਿਸ ਲੈਣ ਦੇ ਬਿੰਦੂ ਬਾਰੇ 19 ਜੂਨ ਨੂੰ ਦੁਪਹਿਰ ਦੋ ਵਜੇ ਹੁਕਮ ਪਾਸ ਕਰਨਗੇ।
ਅਦਾਲਤ ਨੇ ਕਿਹਾ, ‘ਮਾਮਲੇ ਦੇ ਜਾਂਚ ਅਧਿਕਾਰੀ ਨੇ ਉਨ੍ਹਾਂ ਪ੍ਰਤੱਖਦਰਸ਼ੀਆਂ ਦੇ ਨਾਮ ਦਾ ਜ਼ਿਕਰ ਕੀਤਾ ਹੈ ਜੋ ਹਿੰਸਾ ਵਿਚ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਸਨ ਜਿਨ੍ਹਾਂ ਕੋਲੋਂ ਹਥਿਆਰ ਖੋਹੇ ਗਏ। ਜ਼ਿਕਰਯੋਗ ਹੈ ਕਿ ਇਸ ਸਾਲ 26 ਜਨਵਰੀ ਨੂੰ ਤਿੰਨ ਖੇਤੀ ਕਾਨੂੰਨਾਂ ਵਿਰੁਧ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਟਰੈਕਟਰ ਪਰੇਡ ਵਿਚ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ ਸੀ। ਕਿਸਾਨ ਲਾਲ ਕਿਲ੍ਹੇ ਵਿਚ ਵੜ ਗਏ ਸਨ ਅਤੇ ਉਨ੍ਹਾਂ ਕਈ ਪੁਲਿਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰ ਦਿਤਾ ਸੀ। ਮਾਮਲੇ ਦੀ ਜਾਂਚ ਅਪਰਾਧ ਸ਼ਾਖ਼ਾ ਕਰ ਰਹੀ ਹੈਉਂ ਉਸ ਨੇ 17 ਮਈ ਨੂੰ 19 ਪੰਨਿਆਂ ਦਾ ਦੋਸ਼ ਪੱਤਰ ਦਾਖ਼ਲ ਕੀਤਾ ਸੀ ਅਤੇ ਸਿੱਧੂ ਸਮੇਤ 16 ਮੁਲਜ਼ਮਾਂ ਵਿਰੁਧ ਮਾਮਲਾ ਚਲਾਉਣ ਦੀ ਬੇਨਤੀ ਕੀਤੀ ਸੀ। ਹਿੰਸਾ ਦੇ ਮੁੱਖ ਸਾਜ਼ਸ਼ੀ ਸਿੱਧੂ ਨੂੰ ਨੌਂ ਫ਼ਰਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਉਸ ’ਤੇ ਲਾਲ ਕਿਲ੍ਹੇ ਵਿਚ ਹੰਗਾਮੇ ਨੂੰ ਭੜਕਾਉਣ ਦਾ ਵੀ ਦੋਸ਼ ਲਾਇਆ ਸੀ।