ਨਵੀਂ ਦਿੱਲੀ : ਕੋਰੋਨਾ ਵਾਇਰਸ ਲਾਗ ਦੇ ਮਾਮਲਿਆਂ ਵਿਚ ਲਗਾਤਾਰ ਆ ਰਹੀ ਕਮੀ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੁੂੰ ਚੌਕਸ ਕਰਦਿਆਂ ਕਿਹਾ ਕਿ ਖ਼ਤਰਾ ਹਾਲੇ ਟਲਿਆ ਨਹੀਂ ਹੈ ਕਿਉਂਕਿ ਇਹ ਵਾਇਰਸ ਹਾਲੇ ਮੌਜੂਦ ਹੈ ਅਤੇ ਇਸ ਦੇ ਸਰੂਪ ਬਦਲਣ ਦੀ ਸੰਭਾਵਨਾ ਬਣੀ ਹੋਈ ਹੈ। ਵੀਡੀਉ ਕਾਨਫ਼ਰੰਸ ਰਾਹੀਂ ਕੋਵਿਡ ਵਿਰੁਧ ਅਗਲੇ ਮੋਰਚੇ ਦੇ ਕਾਰਕੁਨਾਂ ਲਈ ਵਿਸ਼ੇਸ਼ ਰੂਪ ਵਿਚ ਤਿਆਰ ਕਰੈਸ਼ ਕੋਰਸ ਦੀ ਸ਼ੁਰੂਆਤ ਕਰਨ ਦੇ ਬਾਅਦ ਅਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੀਆਂ ਸਾਵਧਾਨੀਆਂ ਵਰਤਣ ਦੇ ਨਾਲ ਹੀ ਸੰਭਾਵੀ ਚੁਨੌਤੀਆਂ ਨਾਲ ਨਿਪਟਣ ਲਈ ਦੇਸ਼ ਦੀਆਂ ਤਿਆਰੀਆਂ ਨੂੰ ਜ਼ਿਆਦਾ ਮਜ਼ਬੂਤ ਕਰਨਾ ਪਵੇਗਾ। ਕਿਸੇ ਵਿਸ਼ਾ ਵਿਸ਼ੇਸ਼ ਦੀ ਜਾਣਕਾਰੀ ਦੇਣ ਅਤੇ ਹੁਨਰ ਵਿਕਸਤ ਕਰਨ ਦੇ ਮਕਸਦ ਨਾਲ ਘੱਟ ਸਮੇਂ ਲਈ ਚਲਾਏ ਜਾਣ ਵਾਲੇ ਪ੍ਰੋਗਰਾਮ ਨੂੰ ਕਰੈਸ਼ ਕੋਰਸ ਕਹਿੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੀ ਇਹ ਸ਼ੁਰੂਆਤ ਕੋਰੋਨਾ ਨਾਲ ਲੜਨ ਦਾ ਇਕ ਅਹਿਮ ਕਦਮ ਹੈ। ਉਨ੍ਹਾਂ ਕਿਹਾ, ‘ਇਸ ਮੁਹਿੰਮ ਨਾਲ ਕੋਵਿਡ ਨਾਲ ਲੜ ਰਹੇ ਸਿਹਤ ਖੇਤਰ ਦੇ ਲੋਕਾਂ ਨੂੰ ਨਵੀਂ ਊਰਜਾ ਵੀ ਮਿਲੇਗੀ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋਣਗੇ।’ ਉਨ੍ਹਾਂ ਕਿਹਾ ਕਿ ਇਸੇ ਟੀਚੇ ਦੇ ਨਾਲ ਅੱਜ ਦੇਸ਼ ਵਿਚ ਅਗਲੇ ਮੋਰਚੇ ਦੇ ਕਰੀਬ ਇਕ ਲੱਖ ਕੋਰੋਨਾ ਯੋਧਿਆਂ ਨੂੰ ਤਿਆਰ ਕਰਨ ਦੀ ਮਹਾਂ ਮੁਹਿੰਮ ਸ਼ੁਰੂ ਹੋ ਰਹੀ ਹੈ। ਮੋਦੀ ਨੇ ਲੋਕਾਂ ਨੂੰ ਮਾਸਕ ਪਾਉਣ ਅਤੇ ਉਚਿਤ ਦੂਰੀ ਦੀ ਪਾਲਣਾ ਕਰਨ ਸਮੇਤ ਬਚਾਅ ਦੇ ਸਾਰੇ ਤਰੀਕੇ ਅਪਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਵਿਚ ਅਸੀਂ ਵੇਖਿਆ ਕਿ ਇਸ ਵਾਇਰਸ ਦਾ ਵਾਰ ਵਾਰ ਬਦਲਦਾ ਸਰੂਪ ਕਿਸ ਤਰ੍ਹਾਂ ਦੀਆਂ ਚੁਨੌਤੀਆਂ ਸਾਡੇ ਸਾਹਮਣੇ ਲਿਆ ਸਕਦਾ ਹੈ। ਇਹ ਵਾਇਰਸ ਸਾਡੇ ਵਿਚਾਲੇ ਹਾਲੇ ਵੀ ਹੈ ਅਤੇ ਇਸ ਦੇ ਮੁੜ ਪੈਦਾ ਹੋਣ ਦੀ ਸੰਭਾਵਨਾ ਵੀ ਬਣੀ ਹੋਈ ਹੈ।