ਨਵੀਂ ਦਿੱਲੀ : ਦਿੱਲੀ ਦੇ ਮਾਲਵੀਯ ਨਗਰ ਵਿਚ ‘ਬਾਬਾ ਕਾ ਢਾਬਾ’ ਚਲਾਉਣ ਵਾਲੇ ਬਜ਼ੁਰਗ ਕਾਂਤਾ ਪ੍ਰਸਾਦ ਦੁਆਰਾ ਵੀਰਵਾਰ ਰਾਤ ਨੂੰ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਾਂਤ ਪ੍ਰਸਾਦ ਨੂੰ ਇਲਾਜ ਲਈ ਸਫ਼ਦਰਗੰਜ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿਥੇ ਫ਼ਿਲਹਾਲ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹਾਲ ਹੀ ਵਿਚ ਕਾਂਤਾ ਪ੍ਰਸਾਦ ਨੇ ਉਸ ਯੂਟਿਊਬਰ ਗੌਰਵ ਵਾਸਨ ਕੋਲੋਂ ਅਪਣੀ ਗ਼ਲਤੀ ਲਈ ਮਾਫ਼ੀ ਮੰਗੀ ਸੀ। ਗੌਰਵ ਨੇ ਪਿਛਲੇ ਸਾਲ ਲਾਕਡਾਊਨ ਦੌਰਾਨ ਬਾਬਾ ਦੀ ਵੀਡੀਓ ਸੋਸ਼ਲ ਮੀਡੀਆ ਵਿਚ ਸ਼ੇਅਰ ਕੀਤੀ ਸੀ ਅਤੇ ਉਹ ਰਾਤੋ ਰਾਤ ਮਸ਼ਹੂਰ ਹੋ ਗਿਆ। ਦਿੱਲੀ ਪੁਲਿਸ ਮੁਤਾਬਕ ਕਾਂਤਾ ਪ੍ਰਸਾਦ ਨੂੰ ਵੀਰਵਾਰ ਰਾਤ ਸਵਾ ਗਿਆਰਾਂ ਵਜੇ ਸਫ਼ਦਰਗੰਜ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ। ਡਾਕਟਰਾਂ ਦੁਆਰਾ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਕਿ ਉਨ੍ਹਾਂ ਨੀਂਦ ਦੀਆਂ ਗੋਲੀਆਂ ਖਾਧੀਆਂ ਸਨ ਅਤੇ ਸ਼ਰਾਬ ਵੀ ਪੀਤੀ ਹੋਈ ਸੀ ਜਿਸ ਕਾਰਨ ਉਹ ਬੇਹਸ਼ ਹੋ ਗਏ ਸਨ। ਪੁਲਿਸ ਹੁਣ ਇਹ ਜਾਂਚ ਕਰ ਰਹੀ ਹੈ ਕਿ ਕੀ ਕਾਂਤਾ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ। 80 ਸਾਲ ਦੇ ਕਾਂਤਾ ਅਪਣੀ ਪਤਨੀ ਨਾਲ ਸਾਊਥ ਦਿੱਲੀ ਵਿਚ ਇਹ ਢਾਬਾ ਚਲਾਉਂਦੇ ਹਨ। ਪਿਛਲੇ ਸਾਲ ਕੋਰੋਨਾ ਕਾਰਨ ਉਨ੍ਹਾਂ ਦਾ ਕੰਮ ਮੰਦਾ ਚੱਲ ਰਿਹਾ ਸੀ। ਫਿਰ ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਵਿਚ ਫੈਲੀ ਅਤੇ ਕਈ ਲੋਕ ਉਸ ਦੀ ਮਦਦ ਲਈ ਅੱਗੇ ਆਏ।