ਅੰਮ੍ਰਿਤਸਰ : ਜਿਵੇਂ ਕਿ ਦੋ ਦਿਨ ਪਹਿਲਾਂ ਹੀ ਪਤਾ ਲੱਗਾ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਆਉਣਗੇ, ਉਸੇ ਤਹਿਤ ਅੱਜ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸ੍ਰੀ ਅੰਮ੍ਰਿਤਸਰ ਪੁੱਜ ਰਹੇ ਹਨ। ਉਨ੍ਹਾਂ ਦੇ ਪੰਜਾਬ-ਅੰਮ੍ਰਿਤਸਰ ਦੌਰੇ ਦੀ ਸਮਾਂ ਸਾਰਨੀ ਵੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਮੀਡੀਆ ਦੇ ਇੱਕ ਹਿੱਸੇ ਵਿੱਚ ਇਹ ਵੀ ਚਰਚਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਕਸ਼ਮੀ ਕਾਂਤਾ ਚਾਵਲਾ ਤੇ ਸਾਬਕਾ ਵਿਧਾਇਕ ਅਨਿਲ ਜੋਸ਼ੀ ਵੀ 'ਆਪ' ਵਿੱਚ ਸ਼ਾਮਲ ਹੋ ਸਕਦੇ ਹਨ। ਉਂਜ ਇਸ ਬਾਰੇ ਅਧਿਕਾਰਤ ਪੁਸ਼ਟੀ ਨਹੀਂ ਹੋਈ। ਉਨ੍ਹਾਂ ਦਾ ਹਵਾਈ ਜਹਾਜ਼ ਅੱਜ ਦੁਪਹਿਰ 12 ਵਜੇ ਏਅਰਪੋਰਟ ਪੁੱਜੇਗਾ। ਸਭ ਤੋਂ ਪਹਿਲਾਂ ਉਹ ਸਰਕਿਟ ਹਾਊਸ ਜਾਣਗੇ। ਉਨ੍ਹਾਂ ਵਲੋਂ ਦੁਪਹਿਰ 1.30 ਵਜੇ ਏਂਨਸਟਿਲਿਆ ਹੋਟਲ ‘ਚ ਪ੍ਰੈੱਸ ਕਾਨਫਰੰਸ ਵੀ ਰੱਖੀ ਗਈ ਹੈ। ਇਸ ਤੋਂ ਬਾਅਦ 2.30 ਵਜੇ ਉਹ ਸ੍ਰੀ ਹਰਮਿੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ। ਉਹ 3 ਵਜੇ ਸ਼੍ਰੀ ਦੁਰਗੀਆਣਾ ਮੰਦਿਰ ‘ਚ ਵੀ ਆਪਣੀ ਹਾਜ਼ਰੀ ਲਵਾਉਣਗੇ। ਗੌਰਤਲਬ ਹੈ ਕਿ ਅਰਵਿੰਦ ਕੇਜਰੀਵਾਲ ਇਸ ਸਾਲ ਦੂਜੀ ਵਾਰ ਪੰਜਾਬ ਆ ਰਹੇ ਹਨ। ਇਥੇ ਦਸ ਦਈਏ ਕਿ ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਟਵੀਟ ਕੀਤਾ ਸੀ ਜਿਸ 'ਚ ਉਨ੍ਹਾਂ ਨੇ ਲਿਖਿਆ ਸੀ ਕਿ 'ਪੰਜਾਬ ਬਦਲਾਓ ਚਾਹੁੰਦਾ ਹੈ ਸਿਰਫ਼ ਆਮ ਆਦਮੀ ਪਾਰਟੀ ਹੀ ਇਕ ਉਮੀਦ ਹੈ ਮਿਲਦੇ ਹਾਂ ਕੱਲ੍ਹ ਅੰਮ੍ਰਿਤਸਰ ਵਿਖੇ'। ਇਸੇ ਦੌਰਾਨ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਸੀ ਕਿ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਵਾਲੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਸ੍ਰੀ ਅੰਮ੍ਰਿਤਸਰ ਵਿਖੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣਗੇ। ਇਸ ਨਾਲ ਸਿਆਸੀ ਗਲਿਆਰਿਆਂ 'ਚ ਚਰਚਾ ਛਿੜ ਗਈ ਸੀ। ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦੀਆਂ ਚੱਲ ਰਹੀਆਂ ਚਰਚਾਵਾਂ ਦਰਮਿਆਨ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਤਿੱਖਾ ਪ੍ਰਤੀਕਰਮ ਦਿੱਤਾ ਸੀ । ਭਾਵੇਂ ਉਨ੍ਹਾਂ ‘ਆਪ’ ਵਿਚ ਸ਼ਾਮਲ ਹੋਣ ਦੀ ਗੱਲ ਨਹੀਂ ਕਬੂਲੀ ਸੀ ਪਰ ਉਨ੍ਹਾਂ ਸੰਕੇਤ ਜ਼ਰੂਰ ਦਿੱਤਾ ਸੀ ਕਿ ਉਹ ਭਵਿੱਖ ਵਿਚ ਕਿਸੇ ਪਾਰਟੀ ਦਾ ਪੱਲ ਜ਼ਰੂਰ ਫੜ ਸਕਦੇ ਹਨ। ਕੁੰਵਰ ਨੇ ਇਹ ਵੀ ਆਖਿਆ ਸੀ ਕਿ ਪੰਜਾਬ ਵਿਚ ਉਹ ਨਵੀਂ ਸਿਆਸਤ ਦੀ ਸ਼ੁਰੂਆਤ ਕਰਨਗੇ ਅਤੇ ਜਿਹੜੀ ਸਿਆਸਤ ਉਹ ਕਰਨਗੇ ਉਸ ਦੀ ਪਰਿਭਾਸ਼ਾ ਵੱਖਰੀ ਹੋਵੇਗੀ।