ਅਰੁਣਾਚਲ ਪ੍ਰਦੇਸ਼ : ਪਿਛਲੇ ਕੁੱਝ ਦਿਨਾਂ ਤੋਂ ਉੱਤਰ-ਪੂਰਬੀ ਰਾਜਾਂ ਵਿੱਚ ਆਏ ਭੂਚਾਲ ਕਾਰਨ ਧਰਤੀ ਹਿੱਲ ਰਹੀ ਹੈ। ਬੀਤੇ ਕਲ ਦੀ ਤਰ੍ਹਾਂ ਅੱਜ ਫਿਰ ਇਕ ਵਾਰ ਅਰੁਣਾਚਲ ਪ੍ਰਦੇਸ਼ ਦੇ ਇਟਾਨਗਰ ਵਿੱਚ ਸੋਮਵਾਰ ਤੜਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ ਨੂੰ ਰਿਐਕਟਰ ਪੈਮਾਨੇ 'ਤੇ 3.0 ਦਰਜਾ ਦਿੱਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਸਵੇਰੇ 6 ਵਜੇ ਇਟਾਨਗਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਪਿਛਲੇ 48 ਘੰਟਿਆਂ ਵਿੱਚ ਛੇਵੀਂ ਵਾਰ ਮਹਿਸੂਸ ਕੀਤੇ ਗਏ ਹਨ। ਇਸ ਤੋਂ ਪਹਿਲਾਂ, ਅਰੁਣਾਚਲ ਪ੍ਰਦੇਸ਼ ਵਿੱਚ ਐਤਵਾਰ ਦੁਪਹਿਰ 1 ਵਜੇ 3.1 ਮਾਪ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਧਰਤੀ ਤੋਂ 17 ਕਿਲੋਮੀਟਰ ਹੇਠਾਂ ਅਰੁਣਾਚਲ ਵਿੱਚ ਪੈਂਜਿਨ ਤੋਂ 95 ਕਿਲੋਮੀਟਰ ਉੱਤਰ ਪੱਛਮ ਵਿੱਚ ਸੀ। ਇਸ ਤੋਂ ਸਿਰਫ 20 ਮਿੰਟ ਬਾਅਦ, ਮਨੀਪੁਰ ਦੇ ਸ਼ਿਰੂਈ ਨੇੜੇ ਭੂਚਾਲ ਆਇਆ, ਜਿਸ ਦੀ ਰਿਕਟਰ ਪੈਮਾਨੇ 'ਤੇ 3.6 ਤੀਬਰਤਾ ਸੀ। ਇਸ ਦੇ ਨਾਲ ਹੀ ਸ਼ਨੀਵਾਰ ਰਾਤ ਨੂੰ ਆਸਾਮ 'ਚ 4.2 ਮਾਪ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ, ਅਜੇ ਤੱਕ ਕਿਸੇ ਜਾਨ ਜਾਂ ਮਾਲ ਦੇ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ ਪਰ ਫਿਰ ਵੀ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਸਤਰਕ ਹੋ ਚੁੱਕਾ ਹੈ।