ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਵਿਡ-19 ਸੰਸਾਰ ਮਹਾਂਮਾਰੀ ਦੌਰਾਨ ਯੋਗ ਦੁਨੀਆਂ ਲਈ ਉਮੀਦ ਦੀ ਕਿਰਨ ਅਤੇ ਇਸ ਮੁਸ਼ਕਲ ਸਮੇਂ ਵਿਚ ਆਤਮਬਲ ਦਾ ਸ੍ਰੋਤ ਬਣਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ ਮੋਰਚੇ ’ਤੇ ਤੈਨਾਤ ਮੁਲਾਜ਼ਮਾਂ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਦਸਿਆ ਕਿ ਸੰਸਾਰ ਮਹਾਂਮਾਰੀ ਨਾਲ ਸਿੱਝਣ ਦੌਰਾਨ ਉਨ੍ਹਾਂ ਯੋਗ ਨੂੰ ਅਪਣੀ ਸੁਰੱਖਿਆ ਛਤਰੀ ਬਣਾਇਆ। ਮੋਦੀ ਨੇ ਸਤਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਅਪਣੇ ਸੰਬੋਧਨ ਵਿਚ ਕਿਹਾ ਕਿ ਸੰਸਾਰ ਸਿਹਤ ਸੰਗਠਨ ਨਾਲ ਮਿਲ ਕੇ ਭਾਰਤ ਨੇ ਅਹਿਮ ਕਦਮ ਚੁਕਿਆ ਹੈ ਅਤੇ ਹੁਣ ਦੁਨੀਆਂ ਨੂੰ ‘ਐਮ ਯੋਗ’ ਐਪ ਦੀ ਤਾਕਤ ਮਿਲਣ ਜਾ ਰਹੀ ਹੈ ਜਿਸ ’ਤੇ ਆਮ ਨਿਯਮਾਂ ’ਤੇ ਆਧਾਰਤ ਯੋਗ ਸਿਖਲਾਈ ਦੇ ਕਈ ਵੀਡੀਓ ਦੁਨੀਆਂ ਦੀਆਂ ਵੱਖ ਵੱਖ ਭਾਸ਼ਾਵਾਂ ਵਿਚ ਉਪਲਭਧ ਹੋਣਗੇ। ਪ੍ਰਧਾਨ ਮੰਤਰੀ ਨੇ ਇਸ ਨੂੰ ਆਧੁਨਿਕ ਤਕਨੀਕ ਅਤੇ ਪ੍ਰਾਚੀਨ ਵਿਗਿਆਨ ਦੇ ਮੇਲੇ ਦਾ ਬਿਹਤਰੀਨ ਉਦਾਹਰਣ ਦਸਿਆ ਅਤੇ ਉਮੀਦ ਪ੍ਰਗਟਾਈ ਕਿ ਐਮ ਯੋਗ ਐਪ ਯੋਗ ਦਾ ਦੁਨੀਆਂ ਭਰ ਵਿਚ ਪ੍ਰਚਾਰ ਕਰਨ ਵਿਚ ਮਦਦ ਕਰੇਗਾ ਅਤੇ ‘ਇਕ ਵਿਸ਼ਵ, ਇਕ ਸਿਹਤਮੰਦ’ ਦੇ ਯਤਨਾਂ ਵਿਚ ਯੋਗਦਾਨ ਦੇਵੇਗਾ। ਮੋਦੀ ਨੇ ਕਿਹਾ ਕਿ ਅਜਿਹੀਆਂ ਕਈ ਮਿਸਾਲਾਂ ਹਨ ਜਦ ਹਸਪਤਾਲਾਂ ਵਿਚ ਡਾਕਟਰਾਂ ਅਤੇ ਨਰਸਾਂ ਨੇ ਯੋਗ ਸੈਸ਼ਨ ਕਰਵਾਏ ਅਤੇ ਮਾਹਰ ਸਾਹ ਤੰਤਰ ਨੂੰ ਬਿਹਤਰ ਕਰਨ ਲਈ ਪ੍ਰਾਣਾਯਾਮ ਅਤੇ ਅਨੁਲੋਮ ਵਿਲੋਮ ਜਿਹੇ ਸਾਹ ਸਬੰਧੀ ਅਭਿਆਸਾਂ ਦੇ ਮਹੱਤਵ ’ਤੇ ਵੀ ਜ਼ੋਰ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਜਦ ਪੂਰਾ ਸੰਸਾਰ ਕੋਵਿਡ ਮਹਾਂਮਾਰੀ ਦਾ ਮੁਕਾਬਲਾ ਕਰ ਰਿਹਾ ਹੈ ਤਾਂ ਯੋਗ ਉਮੀਦ ਦੀ ਕਿਰਨ ਬਣਿਆ ਹੋਇਆ ਹੈ।