ਨਵੀਂ ਦਿੱਲੀ : ਕੋਰੋਨਾ ਕਾਰਨ ਇਸ ਸਾਲ ਅਮਰਨਾਥ ਯਾਤਰਾ ਨਹੀਂ ਹੋਵੇਗੀ ਹਾਲਾਂਕਿ ਸੰਕੇਤਕ ਰੂਪ ਵਿਚ ਸ਼ਰਧਾਲੂ ਆਨਲਾਈਨ ਦਰਸ਼ਨ ਕਰ ਸਕਣਗੇ। ਜੰਮੂ ਕਸ਼ਮੀਰ ਸਰਕਾਰ ਨੇ ਸ੍ਰੀ ਅਮਰਨਾਥ ਜੀ ਯਾਤਰਾ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਪਵਿੱਤਰ ਗੁਫ਼ਾ ਵਿਚ ਸਾਰੇ ਰਵਾਇਤੀ ਧਾਰਮਕ ਕਰਮਕਾਂਡ ਪਹਿਲਾਂ ਵਾਂਗ ਹੀ ਕੀਤੇ ਜਾਣਗੇ। ਅਮਰਨਾਥ ਸ੍ਰੀ ਸ਼ਰਾਈਨ ਬੋਰਡ ਦੁਨੀਆਂ ਭਰ ਵਿਚ ਸ਼ਰਧਾਲੂਆਂ ਦੇ ਆਨਲਾਈਨ ਦਰਸ਼ਨ ਦੀ ਵਿਵਸਥਾ ਕਰੇਗਾ। ਸਵੇਰੇ ਅਤੇ ਸ਼ਾਮ ਸ਼ਰਧਾਲੂ ਆਰਤੀ ਵਿਚ ਸ਼ਾਮਲ ਹੋ ਸਕਦੇ ਹਨ। ਇਸ ਬਾਰੇ ਉਪ ਰਾਜਪਾਲ ਮਨੋਜ ਸਿਨਹਾ ਵਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸਾਲ 2020 ਵਿਚ ਵੀ ਮਹਾਂਮਾਰੀ ਕਾਰਨ ਤੀਰਥ ਯਾਤਰਾ ਰੱਦ ਕਰ ਦਿਤੀ ਗਈ ਸੀ। ਕੁਝ ਦਿਨ ਪਹਿਲਾਂ ਮਨੋਜ ਸਿਨਹਾ ਨੇ ਕਿਹਾ ਸੀ ਕਿ ਸਰਕਾਰ ਛੇਤੀ ਹੀ ਸਾਲਾਨਾ ਅਮਰਨਾਥ ਯਾਤਰਾ ਬਾਰੇ ਫ਼ੈਸਲਾ ਕਰੇਗੀ ਪਰ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਸੀ ਕਿ ਲੋਕਾਂ ਦੀ ਜਾਨ ਬਚਾਉਣਾ ਉਨ੍ਹਾਂ ਦੀ ਸਿਖਰਲੀ ਤਰਜੀਹ ਹੈ। ਹਿਮਾਲਿਆ ਦੇ ਉਚਾਈ ਵਾਲੇ ਹਿੱਸੇ ਵਿਚ 3880 ਮੀਟਰ ਉਚਾਈ ’ਤੇ ਪੈਂਦੇ ਭਗਵਾਨ ਸ਼ਿਵ ਦੇ ਗੁਫ਼ਾ ਮੰਦਰ ਲਈ 56 ਦਿਨਾ ਯਾਤਰਾ 28 ਜੂਨ ਨੂੰ ਪਹਿਲਗਾਮ ਅਤੇ ਬਾਲਟਾਲ ਮਾਰਗਾਂ ਤੋਂ ਸ਼ੁਰੂ ਹੋਣੀ ਹੈ ਅਤੇ ਇਹ ਯਾਤਰਾ 22 ਅਗਸਤ ਨੂੰ ਸਮਾਪਤ ਹੋਵੇਗੀ।