ਨਵੀਂ ਦਿੱਲੀ: ਅਤਿ ਦੀ ਪੈ ਰਹੀ ਗਰਮੀ ਕਾਰਨ ਲੋਕਾਂ ਨੂੰ ਬਰਸਾਤ ਦੀ ਉਡੀਕ ਹੈ ਅਤੇ ਇਹ ਉਡੀਕ ਛੇਤੀ ਹੀ ਖ਼ਤਮ ਹੋਣ ਜਾ ਰਹੀ ਹੈ। ਮਾਨਸੂਨ ਦੀਆਂ ਹਵਾਵਾਂ 27 ਜੂਨ ਤੱਕ ਰਾਸ਼ਟਰੀ ਰਾਜਧਾਨੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਅਤੇ ਇਸ ਮਗਰੋਂ ਹੀ ਮਾਨਸੂਨ ਪੰਜਾਬ ਪੁੱਜੇਗਾ। ਮੌਸਮ ਵਿਭਾਗ ਅਨੁਸਾਰ ਮੌਨਸੂਨ ਇਸ ਸਮੇਂ ਉੱਤਰ ਵਿਚ ਅਲੀਗੜ, ਮੇਰਠ, ਬਾੜਮੇਰ, ਅੰਬਾਲਾ, ਅੰਮ੍ਰਿਤਸਰ ਵਿਚੋਂ ਲੰਘ ਰਿਹਾ ਹੈ। ਇਥੇ ਦਸ ਦਈਏ ਕਿ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਰਾਜਸਥਾਨ ਵਿਚ ਪਿਛਲੇ ਕੁਝ ਦਿਨਾਂ ਤੋਂ ਬਾਰਸ਼ ਹੋ ਰਹੀ ਹੈ ਅਤੇ ਅਗਲੇ 5 ਦਿਨਾਂ ਦੌਰਾਨ ਅਸਾਮ, ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ, ਪੱਛਮੀ ਬੰਗਾਲ ਅਤੇ ਸਿੱਕਮ ਦੀਆਂ ਵੱਖ-ਵੱਖ ਥਾਵਾਂ ਉੱਤੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਦੱਖਣ ਪੱਛਮੀ ਮਾਨਸੂਨ ਨੇ ਹਾਲੇ ਤਕ ਦਿੱਲੀ ਵਿਚ ਦਸਤਕ ਨਹੀਂ ਦਿੱਤੀ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਮੰਗਲਵਾਰ ਨੂੰ ਆਸਮਾਨ ਕੁਝ ਹੱਦ ਤਕ ਬੱਦਲਵਾਈ ਰਹੇਗੀ। ਆਈਐਮਡੀ ਨੇ ਕਿਹਾ ਕਿ ਦੱਖਣ-ਪੱਛਮੀ ਮਾਨਸੂਨ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੰਜਾਬ ਦੇ ਬਾਕੀ ਹਿੱਸਿਆਂ ਵਿਚ ਦੇਰ ਨਾਲ ਪਹੁੰਚੇਗਾ ਕਿਉਂਕਿ ਹਵਾ ਦੀ ਦਿਸ਼ਾ ਵਿਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਦਿਖਾਈ ਦਿੰਦੀ। ਮਾਨਸੂਨ ਦੇ ਅੱਗੇ ਵਧਣ ਦੀ ਲੜੀ ਹੌਲੀ-ਹੌਲੀ 26 ਜੂਨ ਤੋਂ 30 ਜੂਨ ਦੇ ਵਿਚਕਾਰ ਮਜ਼ਬੂਤ ਹੋਣ ਅਤੇ ਇਸ ਸਮੇਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਪਹੁੰਚਣ ਦੀ ਉਮੀਦ ਹੈ। ਸਕਾਈਮੇਟ ਮੌਸਮ ਦਾ ਕਹਿਣਾ ਹੈ ਕਿ ਦਿੱਲੀ ਵਿਚ 27 ਜੂਨ ਦੇ ਆਸ ਪਾਸ ਬਾਰਸ਼ ਹੋਣ ਦੀ ਉਮੀਦ ਹੈ।