ਨਵੀਂ ਦਿੱਲੀ : ਦੁੱਖ ਦੀ ਗੱਲ ਹੈ ਕਿ ਜਿਥੇ ਉਡਣਾ ਸਿੱਖ ਮਿਲਖਾ ਸਿੰਘ ਦੀ ਫ਼ੋਟੋ ਚਾਹੀਦੀ ਸੀ ਉਥੇ ਉਸ ਅਦਾਕਾਰ ਦੀ ਤਸਵੀਰ ਲਾ ਦਿਤੀ ਗਈ ਹੈ ਜਿਸ ਨੇ ਸਿਰਫ਼ ਮਿਲਖਾ ਸਿੰਘ ਉਤੇ ਆਧਾਰਤ ਫਿ਼ਲਮ ਵਿਚ ਕੰਮ ਕੀਤਾ ਸੀ। ਇਥੇ ਦਸ ਦਈਏ ਕਿ ਮਿਲਖਾ ਸਿੰਘ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ। ਇਸ ਦੌਰਾਨ ਨੋਇਡਾ ਅਥਾਰਟੀ ਵਲੋਂ ਇੱਕ ਵੱਡੀ ਗਲਤੀ ਕੀਤੀ ਗਈ ਹੈ ਕਿ ਉਨ੍ਹਾਂ ਰੇਸਿੰਗ ਟ੍ਰੈਕ ‘ਤੇ ਮਿਲਖਾ ਸਿੰਘ ਦੀ ਜਗ੍ਹਾ ਫਰਹਾਨ ਅਖ਼ਤਰ ਦੀਆਂ ਤਸਵੀਰਾਂ ਲਗਾ ਦਿੱਤੀਆਂ। ਫੋਟੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਤੁਰੰਤ ਟਰੈਕ ਤੋਂ ਸਾਰੀਆਂ ਤਸਵੀਰਾਂ ਹਟਾ ਲਈਆਂ ਹਨ। ਜ਼ਿਕਰਯੋਗ ਹੈ ਕਿ ਫਰਹਾਨ ਅਖ਼ਤਰ ਨੇ ਹੀ ਫਿਲਮ 'ਭਾਗ ਮਿਲਖਾ ਭਾਗ' ‘ਚ ਮਿਲਖਾ ਸਿੰਘ ਦੀ ਭੂਮਿਕਾ ਨਿਭਾਈ ਸੀ ਤੇ ਇਸ ਫਿਲਮ ‘ਚ ਉਨ੍ਹਾਂ ਦੇ ਕੰਮ ਦੀ ਕਾਫੀ ਸ਼ਲਾਘਾ ਵੀ ਕੀਤੀ ਗਈ ਸੀ। ਨੋਇਡਾ ਅਥਾਰਟੀ ਵੱਲੋਂ ਕੀਤੀ ਗਈ ਇਸ ਗ਼ਲਤੀ ਕਾਰਨ ਉਸ ਦੀ ਬਹੁਤ ਕਿਰਕਿਰੀ ਹੋ ਰਹੀ ਹੈ ਤੇ ਸੋਸ਼ਲ ਮੀਡੀਆ ‘ਤੇ ਕਾਫੀ ਟ੍ਰੋਲ ਵੀ ਕੀਤਾ ਜਾ ਰਿਹਾ ਹੈ। ਨੋਇਡਾ ਅਥਾਰਟੀ ਦੇ ਸੀਈਓ ਰਿਤੂ ਮਹੇਸ਼ਵਰੀ ਨੇ ਖ਼ੁਦ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਨੋਇਡਾ ਸਟੇਡੀਅਮ ਦੇ ਰੇਸਿੰਗ ਟਰੈਕ ‘ਤੇ ਅਦਾਕਾਰ ਫਰਹਾਨ ਅਖਤਰ ਦੀ ਤਸਵੀਰ ਹਟਾ ਦਿੱਤੀ ਗਈ ਹੈ ਅਤੇ ਜਲਦ ਹੀ ਫਲਾਇੰਗ ਸਿੱਖ ਮਿਲਖਾ ਸਿੰਘ ਦੀ ਤਸਵੀਰ ਉਥੇ ਲਗਾਈ ਜਾਵੇਗੀ। ਇਥੇ ਜਿ਼ਕਰਯੋਗ ਹੈ ਕਿ ਜਿਸ ਕਿਸੇ ਨੇ ਵੀ ਇਹ ਤਸਵੀਰ ਦੀ ਚੋਣ ਕੀਤੀ ਹੋਵੇਗੀ, ਕੀ ਉਸ ਨੂੰ ਪਤਾ ਹੋਵੇਗਾ ਕਿ ਨਹੀਂ, ਕਿ ਉਹ ਕਿਸ ਦੀ ਤਸਵੀਰ ਲਾ ਰਿਹਾ ਹੈ।