ਮੁੰਬਈ : ਕੋਰੋਨਾ ਵਾਇਰਸ ਦੇ ਸਰੂਪ ਵਿਚ ਲਗਾਤਾਰ ਬਦਲਾਅ ਹੋ ਰਿਹਾ ਹੈ। ਹੁਣ ਮਹਾਰਾਸ਼ਟਰ ਵਿਚ ਕੋਰੋਨਾ ਵਾਇਰਸ ਦੇ ਇਕ ਨਵੇਂ ਅਤੇ ਖ਼ਤਰਨਾਕ ਰੂਪ ਦਾ ਪਤਾ ਲੱਗਾ ਹੈ। ਰਾਜ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਪੁਸ਼ਟੀ ਕੀਤੀ ਹੈ ਕਿ ਰਾਜ ਵਿਚ 7500 ਲੋਕਾਂ ਦੀ ਜਾਂਚ ਵਿਚ ਖ਼ਤਰਨਾਕ ਸਰੂਪ ਡੈਲਟਾ ਪਲੱਸਅ ਦੇ 21 ਮਾਮਲੇ ਮਿਲੇ ਹਨ। ਇਨ੍ਹਾਂ ਵਿਚ ਮੁੰਬਈ ਦੇ 2 ਜਣੇ ਸ਼ਾਮਲ ਹਨ। ਰਤਨਾਗਿਰੀ ਵਿਚ ਡੈਲਟਾ ਪਲੱਸ ਦੇ ਸਭ ਤੋਂ ਜ਼ਿਆਦਾ 9 ਮਾਮਲੇ ਸਾਹਮਣੇ ਆਏ ਹਨ। ਜਲਗਾਂਵ ਵਿਚ 7, ਮੁੰਬਈ ਵਿਚ 2 ਅਤੇ ਪਾਲਘਰ, ਠਾਣੇ, ਸਿੰਧੂਦੁਰਗ ਜ਼ਿਲ੍ਹੇ ਵਿਚ ਡੈਲਟਾ ਪਲੱਸ ਕਿਸਮ ਦਾ ਇਕ ਇਕ ਕੇਸ ਆਇਆ ਹੈ। ਇਹ ਸੈਂਪਲ 15 ਮਈ ਨੂੰ ਜੀਨੋਮ ਸਿਕਵੈਂਸਿੰਗ ਲਈ ਭੇਜੇ ਗਏ ਸਨ। ਡੈਲਟਾ ਪਲੱਸ ਦੇ ਮਾਮਲੇ ਦੇ ਬਾਅਦ ਸਾਰੇ ਜ਼ਿਲਿ੍ਹਆਂ ਦੀ ਸਿਹਤ ਮਸ਼ੀਨਰੀ ਨੂੰ ਚੌਕਸ ਕਰ ਦਿਤਾ ਗਿਆ ਹੈ। ਡੈਲਟਾ ਵੈਰੀਅੰਟ ਵਾਲੇ ਮਰੀਜ਼ਾਂ ਵਿਚ ਖ਼ਾਸ ਤੌਰ ’ਤੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਨ੍ਹਾਂ ਮਰੀਜ਼ਾਂ ਨੂੰ ਕੋਰੋਨਾ ਦਾ ਇਨਫ਼ੈਕਸ਼ਨ ਮੁੜ ਹੋਇਆ ਹੈ। ਕੀ ਇਨ੍ਹਾਂ ਮਰੀਜ਼ਾਂ ਦਾ ਵੈਕਸੀਨੇਸ਼ਨ ਹੋਇਆ ਹੈ। ਕੀ ਵੈਕਸੀਨ ਲੈਣ ਮਗਰੋਂ ਵੀ ਡੈਲਟਾ ਦਾ ਸ਼ਿਕਾਰ ਹੋ ਸਕਦੇ ਹਨ? ਇਨ੍ਹਾਂ ਮਰੀਜ਼ਾਂ ਦੀ ਟਰੈਵਲ ਹਿਸਟਰੀ ਦਾ ਵੀ ਪਤਾ ਲਾਇਆ ਜਾ ਰਿਹਾ ਹੈ। ਨਾਲ ਹੀ ਡੈਲਟਾ ਮਰੀਜ਼ਾਂ ਦੇ ਸੰਪਰਕ ਵਿਚ ਆਏ ਲੋਕਾਂ ਦੀ ਵੀ ਜਾਂਚ ਕੀਤੀ ਜਾਵੇਗੀ ਤਾਕਿ ਹਾਈ ਰਿਸਕ ਅਤੇ ਲੋਅ ਰਿਸਕ ਵਾਲੇ ਮਰੀਜ਼ਾਂ ਦੇ ਬਾਰੇ ਪਤਾ ਲੱਗ ਸਕੇ।