ਕੁੱਲੂ: ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਦੌਰੇ ਦੌਰਾਨ ਭੁੰਤਰ ਏਅਰਪੋਰਟ ਦੇ ਬਾਹਰ ਹੰਗਾਮਾ ਹੋ ਗਿਆ। ਨਿਤਿਨ ਗਡਕਰੀ ਪੰਜ ਦਿਨਾ ਦੌਰੇ ’ਤੇ ਕੁੱਲੂ ਆਏ ਹਨ। ਮੁੱਖ ਮੰਤਰੀ ਜੈਰਾਮ ਠਾਕੁਰ ਵੀ ਦੋ ਦਿਨ ਦੇ ਕੁੱਲੂ ਦੌਰੇ ’ਤੇ ਹਨ। ਦੁਪਹਿਰ ਬਾਅਦ ਭੁੰਤਰ ਏਅਰਪੋਰਟ ਪਹੁੰਚੇ ਗਡਕਰੀ ਦਾ ਮੁੱਖ ਮੰਤਰੀ ਨੇ ਸਵਾਗਤ ਕੀਤਾ। ਏਅਰਪੋਰਟ ਤੋਂ ਜਦ ਕੇਂਦਰੀ ਮੰਤਰੀ ਦਾ ਕਾਫ਼ਲਾ ਨਿਕਲਿਆ ਤਾਂ ਇਸੇ ਦੌਰਾਨ ਪੁਲਿਸ ਅਫ਼ਸਰਾਂ ਵਿਚਾਲੇ ਝੜਪ ਹੋ ਗਈ।
ਦਸਿਆ ਜਾ ਰਿਹਾ ਹੈ ਕਿ ਭੁੰਤਰ ਏਅਰਪੋਰਟ ਦੇ ਬਾਹਰ ਐਸਪੀ ਕੁੱਲੂ ਨੇ ਸੀਐਮ ਸਕਿਉਰਟੀ ਦੇ ਏਐਸਪੀ ਰੈਂਕ ਦੇ ਅਧਿਕਾਰੀ ਨੂੰ ਥੱਪੜ ਜੜ੍ਹ ਦਿਤਾ। ਸੁਰੱਖਿਆ ਵਿਵਸਥਾ ਕਾਰਨ ਦੋਹਾਂ ਵਿਚਾਲੇ ਬਹਿਸ ਹੋ ਗਈ। ਬਹਿਸ ਏਨੀ ਵੱਧ ਗਈ ਕਿ ਐਸਪੀ ਨੇ ਏਐਸਪੀ ਨੂੰ ਸਾਰਿਆਂ ਸਾਹਮਣੇ ਥੱਪੜ ਜੜ੍ਹ ਦਿਤਾ। ਇਸ ਦੇ ਬਾਅਦ ਸੀਐਮ ਸਕਿਉਰਟੀ ਇੰਚਾਰਜ ਨੇ ਵੀ ਐਸਪੀ ਕੁੱਲੂ ’ਤੇ ਲੱਤਾਂ-ਮੁੱਕੇ ਵਰ੍ਹਾ ਦਿਤੇ। ਮੌਕੇ ’ਤੇ ਮੌਜੂਦ ਲੋਕਾਂ ਨੇ ਦੋਹਾਂ ਨੂੰ ਹਟਾਇਆ। ਸੋਸ਼ਲ ਮੀਡੀਆ ਵਿਚ ਘਟਨਾ ਦੀ ਵੀਡੀਓ ਫੈਲ ਗਈ ਹੈ। ਮਾਮਲੇ ਦੀ ਜਾਂਚ ਦੇ ਹੁਕਮ ਡੀਆਈਜੀ ਸੈਂਟਰਲ ਰੇਂਜ ਮੰਡੀ ਮਧੂਸੂਦਨ ਨੂੰ ਦੇ ਦਿਤੇ ਗਏ ਹਨ। ਹਿਮਾਚਲ ਪੁਲਿਸ ਦੇ ਮੁਖੀ ਸੰਜੇ ਕੁੰਡੂ ਵੀ ਸ਼ਿਮਲਾ ਤੋਂ ਕੁੱਲੂ ਰਵਾਨਾ ਹੋ ਗਏ ਹਨ। ਦਸਿਆ ਜਾ ਰਿਹਾ ਹੈ ਕਿ ਦੋਹਾਂ ਅਫ਼ਸਰਾਂ ’ਤੇ ਗਾਜ ਡਿੱਗ ਸਕਦੀ ਹੈ।