ਗੁਰਦਾਸਪੁਰ, ਲੁਧਿਆਣਾ, ਜਲੰਧਰ : ਪੰਜਾਬ ਵਿਚ ਜੁਰਮ ਦਾ ਗਰਾਫ਼ ਵਧ ਰਿਹਾ ਹੈ। ਰੋਜ਼ ਦੀ ਤਰ੍ਹਾਂ ਅੱਜ ਫਿਰ ਪੰਜਾਬ ਵਿਚ ਇਕ ਲੜਕੀ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ ਅਤੇ ਕਿਤੇ ਲੜਕਿਆਂ ਵਲੋਂ ਤੰਗ ਹੋਣ ਉਤੇ ਲੜਕੀ ਨੇ ਖੁਦਕੁਸ਼ੀ ਕਰ ਲਈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਹਲਕਾ ਦੀਨਾਨਗਰ ਦੇ ਪਿੰਡ ਪਨਿਆੜ ਦੀ ਰਹਿਣ ਵਾਲੀ 16 ਸਾਲਾਂ ਨਾਬਾਲਗ ਲੜਕੀ ਨੇ ਛੇੜਛਾੜ ਤੋਂ ਪਰੇਸ਼ਾਨ ਹੋ ਕੇ ਜ਼ਹਿਰੀਲੀ ਵਸਤੂ ਖਾ ਲਈ ਅਤੇ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ l ਇਸ ਸੰਬੰਧੀ ਲੜਕੀ ਦੇ ਪਿਤਾ ਵੱਲੋ ਦੱਸਿਆ ਗਿਆ ਕਿ ਢੋਲੀ ਨਾਮਕ ਲੜਕਾ ਜੋ ਕੇ ਉਨ੍ਹਾਂ ਦੇ ਹੀ ਪਿੰਡ ਪਨਿਆੜ ਦਾ ਰਹਿਣ ਵਾਲਾ ਹੈ, ਉਸ ਵੱਲੋਂ ਮੇਰੀ ਬੇਟੀ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀl ਜਿਸ ਤੋਂ ਤੰਗ ਆ ਕੇ ਮੇਰੀ ਬੇਟੀ ਨੇ ਅੱਜ ਕੋਈ ਜ਼ਹਿਰੀਲੀ ਵਸਤੂ ਖਾ ਲਈ, ਅਸੀਂ ਇਲਾਜ ਲਈ ਉਸ ਨੂੰ ਨਿੱਜੀ ਹਸਪਤਾਲ ਵਿੱਚ ਵੀ ਲੈ ਕੇ ਗਏ ਪਰ ਹਾਲਤ ਜ਼ਿਆਦਾ ਖਰਾਬ ਹੋਣ ਕਰਕੇ ਹਸਪਤਾਲ ਵਾਲਿਆਂ ਨੇ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਲਈ ਰੈਫਰ ਕਰ ਦਿੱਤਾ ਤੇ ਰਸਤੇ ਵਿਚ ਉਸ ਦੀ ਮੌਤ ਹੋ ਗਈ l ਥਾਣਾ ਦੀਨਾਨਗਰ ਦੇ ਡੀਐਸਪੀ ਮਹੇਸ਼ ਸੈਣੀ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਧਾਰਾ 306 ਦਾ ਮੁਕੱਦਮਾ ਢੋਲੀ ਨਾਮਕ ਵਿਅਕਤੀ ਤੇ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਜਲਦ ਹੀ ਮੁਲਜ਼ਮ ਹਿਰਾਸਤ ਵਿੱਚ ਹੋਵੇਗਾ l
ਇਸੇ ਤਰ੍ਹਾਂ ਲੁਧਿਆਣਾ ਤੋਂ ਇੱਕ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਕੁੜੀ ਆਪਣੇ ਦੋਸਤ ਨਾਲ ਸੈਰ ਕਰ ਕੇ ਘਰ ਵਾਪਸ ਜਾਣ ਰਹੀ ਸੀ ਕਿ ਰਸਤੇ ਵਿੱਚ ਇੱਕ ਅਣਪਛਾਤੇ ਨੌਜਵਾਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੁੜੀ ਨੁੰ ਅਗਵਾ ਕਰ ਲਿਆ ਅਤੇ ਐਕਟਿਵਾ 'ਤੇ ਬਿਠਾ ਕੇ ਆਪਣੇ ਨਾਲ ਲੈ ਗਏ ਅਤੇ ਰਾਮ ਨਗਰ ਇਕ ਫਲੈਟ ਵਿਚ ਲਿਜਾ ਕੇ ਉਸ ਨਾਲ ਗੈਂਗਰੇਪ ਕੀਤਾ । ਇਸ ਤੋਂ ਬਾਅਦ ਤਿੰਨੇ ਮੁਲਜ਼ਮ ਉਸ ਨੂੰ ਉਸੇ ਜਗ੍ਹਾ ’ਤੇ ਵਾਪਸ ਛੱਡ ਗਏ, ਜਿੱਥੇ ਖੜ੍ਹੀ ਉਹ ਆਪਣੇ ਦੋਸਤ ਦਾ ਇੰਤਜ਼ਾਰ ਕਰ ਰਹੀ ਸੀ। ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਪੀੜਿਤਾ ਦੀ ਸ਼ਿਕਾਇਤ ’ਤੇ ਤਿੰਨੇ ਮੁਲਜ਼ਮਾਂ ’ਤੇ ਮਾਮਲਾ ਦਰਜ ਕੀਤਾ । ਜਿਸ ’ਚੋਂ ਇਕ ਮੁਲਜ਼ਮ ਰਾਜੀਵ ਗਾਂਧੀ ਕਾਲੋਨੀ ਦਾ ਸੰਨੀ ਹੈ, ਜਦੋਂ ਕਿ 2 ਉਸ ਦੇ ਅਣਪਛਾਤੇ ਸਾਥੀ ਹਨ। ਪੁਲਿਸ ਨੇ ਤਿੰਨੋਂ ਆਰੋਪੀਆਂ ਦੀ ਭਾਲ ਸ਼ੂਰੂ ਕਰ ਦਿੱਤੀ ਹੈ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਹ 22 ਜੂਨ ਦੀ ਸਵੇਰ ਨੂੰ ਉਹ ਆਪਣੇ ਇਕ ਦੋਸਤ ਨਾਲ ਸੈਰ ਕਰਨ ਗਈ ਸੀ। ਵਾਪਸ ਘਰ ਜਾਂਦੇ ਸਮੇਂ ਰਾਜੀਵ ਗਾਂਧੀ ਕਾਲੋਨੀ ਕੋਲ ਉਸ ਦਾ ਦੋਸਤ ਵਾਸ਼ਰੂਮ ਲਈ ਰੋਡ ਦੇ ਦੂਜੇ ਪਾਸੇ ਚਲਾ ਗਿਆ ਸੀ। ਇਸ ਦੌਰਾਨ ਸੰਨੀ ਆਪਣੇ ਸਾਥੀਆਂ ਸਮੇਤ ਐਕਟਿਵਾ ’ਤੇ ਕੋਲ ਆਇਆ ਅਤੇ ਡਰਾਉਂਦੇ-ਧਮਕਾਉਂਦੇ ਹੋਏ ਉਸ ਨੂੰ ਆਪਣੇ ਨਾਲ ਬਿਠਾ ਕੇ ਲੈ ਗਏ। ਉਹ ਉਸ ਨੂੰ ਰਾਮ ਨਗਰ ਇਕ ਫਲੈਟ ਵਿਚ ਲੈ ਗਏ, ਜਿੱਥੇ ਉਸ ਨੂੰ ਧਮਕਾ ਕੇ ਮੁਲਜ਼ਮਾਂ ਨੇ ਉਸ ਨਾਲ ਮੂੰਹ ਕਾਲਾ ਕੀਤਾ।
ਇਸੇ ਤਰ੍ਹਾਂ ਜਲੰਧਰ ਵਿਚ 30 ਸਾਲਾ ਨੌਜਵਾਨ ਨੇ ਜਲੰਧਰ ਹਾਈਟਸ-1 ਵਿਚ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਜਲੰਧਰ ਹਾਈਟਸ ਪੁਲਸ ਚੌਕੀ ਦੇ ਇੰਚਾਰਜ ਜਸਵੀਰ ਚੰਦ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕ ਦੀ ਪਛਾਣ ਅਮਨ ਇੰਦਰਜੀਤ ਸਿੰਘ ਪੁੱਤਰ ਅਜਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧੀ ਅਜੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਨਹੀਂ ਹੋਏ ਹਨ। ਉਨ੍ਹਾਂ ਦੇ ਬਿਆਨਾਂ ਤੋਂ ਬਾਅਦ ਵੀਰਵਾਰ ਨੂੰ ਪੁਲਸ ਮ੍ਰਿਤਕ ਦਾ ਪੋਸਟਮਾਰਟਮ ਕਰਵਾਏਗੀ। ਚੌਕੀ ਇੰਚਾਰਜ ਨੇ ਕਿਹਾ ਕਿ ਨੌਜਵਾਨ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ। ਪੁਲਿਸ ਵੱਲੋਂ ਆਪਣੇ ਪੱਧਰ 'ਤੇ ਵੀ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।