ਨਵੀਂ ਦਿੱਲੀ : ਭਾਰਤ ਵਿਚ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਮਸਲੇ ’ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਨਰਿੰਦਰ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਤੇਲ ਦੀਆਂ ਵਧਦੀਆਂ ਕੀਮਤਾਂ ਨਾਲ ਪੈ ਰਹੇ ਅਸਹਿਣਯੋਗ ਬੋਝ ਕਾਰਨ ਹਰ ਵਰਗ ਦੁਖੀ ਹੈ। ਤੇਲ ਦੇ ਇਲਾਵਾ ਹੋਰ ਜ਼ਰੂਰੀ ਵਸਤਾਂ ਜਿਵੇਂ ਦਾਲਾਂ ਅਤੇ ਖਾਧ ਤੇਲਾਂ ਦੀਆਂ ਕੀਮਤਾਂ ਵੀ ਆਸਮਾਨ ਛੂਹ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੀਮਤਾਂ ਵਿਚ ਵਾਧਾ ਅਜਿਹੇ ਸਮੇਂ ਹੋ ਰਿਹਾ ਹੈ ਕਿ ਜਦ ਭਾਰੀ ਗਿਣਤੀ ਵਿਚ ਆਜੀਵਕਾ ਖ਼ਤਮ ਹੋ ਰਹੀ ਹੈ। ਬੇਰੁਜ਼ਗਾਰੀ ਵਧ ਰਹੀ ਹੈ ਅਤੇ ਆਰਥਕ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਹੈ। ਉਧਰ, ਯੂਥ ਕਾਂਗਰਸ ਨੇ ਵੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਤਸਵੀਰ ਸਾਂਝੀ ਕੀਤੀ ਜਿਸ ’ਤੇ ਲਿਖਿਆ ਹੈ, ‘ਅਬ ਕੀ ਬਾਰ ਲੂਟਜੀਵੀ ਸਰਕਾਰ’। ਇਹ ਵੀ ਲਿਖਿਆ ਹੈ ਕਿ ਵਸੂਲੀ ਭਾਈ ਦਾ ਕਾਰਨਾਮਾ। ਇਸ ਮਹੀਨੇ ਅੱਜ 13ਵੀਂ ਵਾਰ ਮਹਿੰਗੇ ਹੋਏ ਪਟਰੌਲ ਤੇ ਡੀਜ਼ਲ। ਕੰਪਨੀਆਂ ਵਲੋਂ ਕੀਮਤਾਂ ਵਿਚ ਵਾਧਾ ਕੀਤੇ ਜਾਣ ਨਾਲ ਇਸ ਅਹਿਮ ਉਤਪਾਦ ਦੀ ਕੀਮਤ ਆਸਮਾਨ ਛੂਹ ਰਹੀ ਹੈ। ਦਿੱਲੀ ਵਿਚ ਪਟਰੌਲ 97 ਰੁਪਏ ਪ੍ਰਤੀ ਲਿਟਰ ਤੋਂ ਉਪਰ ਚਲਾ ਗਿਆ ਹੈ। ਦੇਸ਼ ਵਿਚ ਕਈ ਥਾਵਾਂ ’ਤੇ ਪਟਰੌਲ ਅਤੇ ਡੀਜ਼ਲ ਪ੍ਰਤੀ ਲਿਟਰ 100 ਰੁਪਏ ਤੋਂ ਵੀ ਉਪਰ ਚਲਾ ਗਿਆ ਹੈ। ਸੋਨੀਆ ਗਾਂਧੀ ਨੇ ਕਿਹਾ ਕਿ ਜਦ ਭਾਜਪਾ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਇਸ ਜ਼ਰੂਰੀ ਉਤਪਾਦ ਦੀਆਂ ਕੀਮਤਾਂ ਕਾਫ਼ੀ ਘਟਾਈਆਂ ਜਾਣਗੀਆਂ ਪਰ ਉਲਟ ਕੀਮਤਾਂ ਲਗਾਤਾਰ ਵਧਾਈਆਂ ਜਾ ਰਹੀਆਂ ਹਨ।