ਨਵੀਂ ਦਿੱਲੀ : ਦੁਨੀਆਂ ਦੇ ਸਭ ਤੋਂ ਵੱਡੇ ਅਮੀਰਾਂ ਦੀ ਸੂਚੀ ਵਿਚ ਭਾਰਤ ਬੇਸ਼ੱਕ 11ਵੇਂ ਨੰਬਰ ’ਤੇ ਹੈ, ਪਰ ਦੁਨੀਆਂ ਵਿਚ ਸਭ ਤੋਂ ਜ਼ਿਆਦਾ ਦਾਨ ਦੇਣ ਵਾਲਿਆਂ ਦੀ ਸੂਚੀ ਵਿਚ ਸਿਖਰ ’ਤੇ ਹੈ। ਤਾਜ਼ਾ ਰੀਪੋਰਟ ਵਿਚ ਇਹ ਖੁਲਾਸਾ ਹੋਇਆ ਹੈ। ਪਿਛਲੇ 100 ਸਾਲਾਂ ਵਿਚ ਦੁਨੀਆਂ ਭਰ ਦੇ ਸਭ ਤੋਂ ਵੱਡੇ ਦਾਨੀਆਂ ਦੀ ਸੂਚੀ ਵਿਚ ਟਾਟਾ ਗਰੁਪ ਦੇ ਬਾਨੀ ਜਮਸ਼ੇਦਜੀ ਟਾਟਾ ਦਾ ਨਾਮ ਪਹਿਲੇ ਨੰਬਰ ’ਤੇ ਹੈ। ਜਮਸ਼ੇਦਜੀ ਟਾਟਾਂ ਨੇ ਪਿਛਲੇ 100 ਸਾਲਾਂ ਵਿਚ 102.4 ਅਰਬ ਡਾਲਰ, ਯਾਨੀ ਕਰੀਬ 7.60 ਲੱਖ ਕਰੋੜ ਰੁਪਏ ਦਾਨ ਦੇ ਕੇ ਸਭ ਤੋਂ ਵੱਡੇ ਦਾਨਵੀਰ ਦਾ ਦਰਜਾ ਹਾਸਲ ਕੀਤਾ ਹੈ। ਇਹ ਰਕਮ ਰਿਲਾਇੰਸ ਗਰੁਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਕੁਲ ਸੰਪਤੀ 84 ਅਰਬ ਡਾਲਰ ਯਾਨੀ ਕਰੀਬ 6.25 ਲੱਖ ਕਰੋੜ ਰੁਪਏ ਤੋਂ ਵੀ ਜ਼ਿਆਦਾ ਹੈ। ਹੁਰੂਨ ਰਿਸਰਚ ਦੀ ਰੀਪੋਰਟ ਮੁਤਾਬਕ ਜਮਸ਼ੇਦਜੀ ਟਾਟਾ ਦੇ ਨਾਮ ’ਤੇ ਹੋਏ ਦਾਨ ਦੀ ਰਕਮ ਟਾਟਾ ਸਨਜ਼ ਦੀਆਂ ਲਿਸਟਿਡ ਕੰਪਨੀਆਂ ਦੀ ਕੀਮਤ ਦਾ 66 ਫ਼ੀਸਦੀ ਹੈ। ਟਾਟਾ ਨੇ 1870 ਦੇ ਦਹਾਕੇ ਵਿਚ ਸੈਂਟਰਲ ਇੰਡੀਆ ਸਪਿਨਿੰਗ ਵੀਵਿੰਗ ਐਂਡ ਮੈਨੂਫ਼ੈਕਚਰਿੰਗ ਕੰਪਨੀ ਸ਼ੁਰੂ ਕੀਤੀ ਸੀ। ਫਿਰ ਉਚੇਰੀ ਸਿਖਿਆ ਲਈ ਜੇ ਐਨ ਟਾਟਾ ਐਂਡੋਮੈਂਟ ਦੀ ਸਥਾਪਨਾ ਕੀਤੀ ਜੋ ਟਾਟਾ ਟਰੱਸਟ ਦੀ ਸ਼ੁਰੂਆਤ ਸੀ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਹਮੇਸ਼ਾ ਜਮਸ਼ੇਦਜੀ ਟਾਟਾ ਨੂੰ ਵਨ ਮੈਨ ਪਲਾਨਿੰਗ ਕਮਿਸ਼ਨ ਦੇ ਰੂਪ ਵਿਚ ਯਾਦ ਕੀਤਾ। ਜਮਸ਼ੇਦਜੀ ਦੀ ਵਿਰਾਸਤ ਨੂੰ ਸੰਭਾਲਣ ਵਾਲੇ ਰਤਨ ਟਾਟਾ ਵੀ ਦਾਨ ਦੇ ਮਾਮਲੇ ਵਿਚ ਪਿੱਛੇ ਨਹੀਂ ਹਨ। ਪਿਛਲੇ ਸਾਲ ਮਾਰਚ ਵਿਚ ਟਾਟਾ ਸਮੂਹ ਨੇ ਕੋਰੋਨਾ ਨਾਲ ਲੜਨ ਲਈ 1500 ਕਰੋੜ ਰੁਪਏ ਦਾ ਦਾਨ ਦਿਤਾ ਸੀ ਜੋ ਭਾਰਤੀ ਕਾਰੋਬਾਰੀ ਘਰਾਣਿਆਂ ਦੁਆਰਾ ਕੀਤਾ ਗਿਆ ਸਭ ਤੋਂ ਵੱਡਾ ਦਾਨ ਸੀ। ਟਾਪ 50 ਦੀ ਸੂਚੀ ਵਿਚ ਦੂਜੇ ਭਾਰਤੀ ਹਨ ਅਜੀਮ ਪ੍ਰੇਮਜੀ ਜਿਨ੍ਹਾਂ ਦੀ ਕੰਪਨੀ ਵਿਪਰੋ ਹੈ। ਉਹ ਵਿਪਰੋ ਦੀ ਕਮਾਈ ਦਾ 67 ਫ਼ੀਸਦੀ ਅਜੀਮ ਪ੍ਰੇਮਜੀ ਫ਼ਾਉਂਡੇਸ਼ਨ ਵਿਚ ਤਬਦੀਲ ਕਰਦੇ ਹਨ। ਇਹ ਫ਼ਾਊਂਡੇਸ਼ਨ ਪੇਂਡੂ ਇਲਾਕਿਆਂ ਵਿਚ ਸਕੂਲੀ ਸਿਖਿਆ ਲਈ ਕੰਮ ਕਰਦੀ ਹੈ।