ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਰਾਜ ਸਿਖਿਆ ਬੋਰਡਾਂ ਨੂੰ 12ਵੀਂ ਜਮਾਤ ਦੇ ਅੰਦਰੂਨੀ ਮੁਲਾਂਕਣ ਦੇ ਨਤੀਜੇ 31 ਜੁਲਾਈ ਤਕ ਐਲਾਨਣ ਦਾ ਹੁਕਮ ਦਿਤਾ ਅਤੇ ਇਹ ਸਪੱਸ਼ਟ ਕੀਤਾ ਕਿ ਹਰ ਬੋਰਡ ਖੁਦਮੁਖਤਾਰ ਹੈ ਅਤੇ ਵਿਦਿਆਰਥੀਆਂ ਦੀ ਅਸੈਸਮੈਂਟ ਲਈ ਅਪਣੇ ਤਰੀਕੇ ਬਣਾਉਣ ਲਈ ਆਜ਼ਾਦ ਹੈ। ਅਦਾਲਤ ਨੇ ਕਿਹਾ ਕਿ ਦੇਸ਼ ਭਰ ਵਿਚ ਵਿਦਿਆਰਥੀਆਂ ਦੇ ਮੁਲਾਂਕਣ ਲਈ ਇਕੋ ਜਿਹਾ ਤਰੀਕਾ ਬਣਾਉਣ ਬਾਰੇ ਉਹ ਕੋਈ ਨਿਰਦੇਸ਼ ਨਹੀਂ ਦੇਵੇਗਾ। ਉਸ ਨੇ ਰਾਜਾਂ ਦੇ ਬੋਰਡਾਂ ਨੂੰ ਕਿਹਾ ਕਿ ਉਹ ਤਰੀਕੇ ਛੇਤੀ ਤੋਂ ਛੇਤੀ ਬਣਾਉਣ ਅਤੇ ਅਗਲੇ ਦਸ ਦਿਨਾਂ ਤੋਂ ਜ਼ਿਆਦਾ ਦੇਰੀ ਨਹੀਂ ਹੋਣੀ ਚਾਹੀਦੀ। ਜੱਜ ਏ ਐਮ ਖ਼ਾਨਵਿਲਕਰ ਅਤੇ ਜੱਜ ਦਿਨੇਸ਼ ਮਾਹੇਸ਼ਵਰੀ ਦੇ ਬੈਂਚ ਨੇ ਕਿਹਾ ਕਿ ਹਰ ਬੋਰਡ ਨੂੰ ਅਪਣੇ ਤਰੀਕੇ ਖ਼ੁਦ ਬਣਾਉਣੇ ਪੈਣਗੇ। ਬੈਂਚ ਨੇ ਕਿਹਾ, ‘ਅਸੀਂ ਬੋਰਡਾਂ ਨੂੰ ਨਿਰਦੇਸ਼ ਦਿੰਦੇ ਹਨ ਕਿ ਉਹ ਛੇਤੀ ਤੋਂ ਛੇਤੀ ਤਰੀਕੇ ਬਣਾਉਣ ਅਤੇ ਇਸ ਵਿਚ ਅੱਜ ਤੋਂ ਲੈ ਕੇ ਅਗਲੇ ਦਸ ਦਿਨਾਂ ਤੋਂ ਵੱਧ ਦੇਰੀ ਨਹੀਂ ਹੋਣੀ ਚਾਹੀਦੀ। ਅਦਾਲਤ ਜਿਸ ਪਟੀਸ਼ਨ ’ਤੇੇ ਸੁਣਵਾਈ ਕਰ ਰਹੀ ਸੀ, ਉਸ ਵਿਚ ਰਾਜਾਂ ਨੂੰ ਕੋਵਿਡ ਕਾਰਨ ਬੋਰਡ ਪ੍ਰੀਖਿਆਵਾਂ ਨਾ ਕਰਵਾਉਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ। ਅਦਾਲਤ ਨੇ ਕਿਹਾ ਕਿ ਰਾਜਾਂ ਦੇ ਬੋਰਡ ਅਪਣੀ ਸੂਝ ਮੁਤਾਬਕ ਕਾਰਜ ਕਰ ਸਕਦੇ ਹਨ।