ਨਵੀਂ ਦਿੱਲੀ: ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਅੱਜ ਰਾਹਤ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ ਦੇਸ਼ ਦੇ ਕਈ ਹਿੱਸਿਆਂ ਵਿਚ ਅੱਜ ਬਾਰਸ਼ ਪੈਣ ਦੇ ਪੂਰੇ ਆਸਾਰ ਹਨ। ਇਸੇ ਭਵਿਖਬਾਣੀ ਅਨੁਸਾਰ ਅੱਜ ਤੜਕੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿਚ ਕਾਫੀ ਬਰਸਾਤ ਹੋਈ। ਇਸੇ ਅਨੁਸਾਰ ਹੀ ਧੂੜ ਭਰੇ ਤੂਫਾਨ ਨਾਲ ਹਲਕੀ ਬਾਰਸ਼ ਪੰਜਾਬ, ਹਰਿਆਣਾ, ਉੱਤਰ-ਪੱਛਮ ਅਤੇ ਉੱਤਰ-ਪੂਰਬੀ ਰਾਜਸਥਾਨ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਹੋ ਸਕਦੀ ਹੈ। ਪੱਛਮੀ ਹਿਮਾਲਿਆ ਵਿੱਚ ਇੱਕ ਜਾਂ ਦੋ ਥਾਵਾਂ ਤੇ ਹਲਕੀ ਬਾਰਸ਼ ਹੋ ਸਕਦੀ ਹੈ। ਪੂਰਬੀ ਉੱਤਰ ਪ੍ਰਦੇਸ਼, ਬਿਹਾਰ ਦੇ ਕੁਝ ਹਿੱਸਿਆਂ, ਪੂਰਬੀ-ਦੱਖਣੀ ਮੱਧ ਪ੍ਰਦੇਸ਼, ਵਿਦਰਭ ਦੇ ਕੁਝ ਹਿੱਸੇ ਵਿਚ ਅੱਜ ਭਾਰੀ ਬਾਰਸ਼ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਕੋਸਟਲ ਕਰਨਾਟਕ, ਦੱਖਣੀ-ਪੂਰਬੀ ਰਾਜਸਥਾਨ, ਦੱਖਣੀ ਗੁਜਰਾਤ, ਕੇਰਲ ਦੇ ਕੁਝ ਹਿੱਸੇ, ਅੰਦਰੂਨੀ ਕਰਨਾਟਕ, ਆਂਧਰਾ ਪ੍ਰਦੇਸ਼ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਸੰਭਵ ਹੈ।
ਮੌਨਸੂਨ ਦੇ ਮੱਦੇਨਜ਼ਰ ਰਾਜਸਥਾਨ ਵਿੱਚ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਦਰਜ ਕੀਤੀ ਗਈ ਅਤੇ ਰਾਜਸਥਾਨ ਵਿੱਚ ਇੱਕ ਜਾਂ ਦੋ ਥਾਂਵਾਂ 'ਤੇ ਭਾਰੀ ਬਾਰਸ਼ ਦਰਜ ਕੀਤੀ ਗਈ। ਹਾਲਾਂਕਿ ਸੂਬੇ ਦੇ ਬਹੁਤ ਸਾਰੇ ਹਿੱਸੇ ਭਿਆਨਕ ਗਰਮੀ ਦੀ ਲਪੇਟ ਵਿਚ ਹਨ ਜਿੱਥੇ ਫਲੌਦੀ ਵਿਚ ਸਭ ਤੋਂ ਵੱਧ ਤਾਪਮਾਨ 43 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਜੈਪੁਰ ਮੁਤਾਬਕ ਪਿਛਲੇ ਚੌਵੀ ਘੰਟਿਆਂ ਵਿੱਚ ਸੂਬਿਆਂ ਵਿੱਚ ਕਈ ਥਾਂਵਾਂ 'ਤੇ ਗਰਜ ਨਾਲ ਹਲਕੀ ਤੋਂ ਦਰਮਿਆਨੀ ਅਤੇ ਭਾਰੀ ਬਾਰਸ਼ ਹੋਈ। ਭਾਰਤ ਦੇ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਭਾਰੀ ਬਾਰਸ਼ ਲਈ ਓਰੇਂਜ ਅਲਰਟ ਜਾਰੀ ਕੀਤਾ ਹੈ ਅਤੇ ਕੁਝ ਹੋਰ ਇਲਾਕਿਆਂ ਵਿੱਚ ਭਾਰੀ ਬਾਰਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ।