ਜੰਮੂ : ਜੰਮੂ ਵਿਚ ਉਚ ਸੁਰੱਖਿਆ ਵਾਲੇ ਹਵਾਈ ਅੱਡੇ ਦੇ ਹਵਾਈ ਫ਼ੌਜ ਦੇ ਅਧਿਕਾਰ ਖੇਤਰ ਵਾਲੇ ਹਿੱਸੇਵਿਚ ਐਤਵਾਰ ਤੜਕੇ ਲਗਾਤਾਰ ਦੋ ਧਮਾਕੇ ਹੋਏ ਅਤੇ ਭਾਰਤੀ ਹਵਾਈ ਫ਼ੌਜ ਇਸ ਬਾਰੇ ਜਾਂਚ ਕਰ ਰਹੀ ਹੈ ਕਿ ਕੀ ਇਹ ਕੋਈ ਅਤਿਵਾਦੀ ਹਮਲਾ ਸੀ। ਉਨ੍ਹਾਂ ਦਸਿਆ ਕਿ ਜਾਂਚ ਅਧਿਕਾਰੀ ਹਵਾਈ ਅੱਡੇ ਦੇ ਤਕਨੀਕੀ ਖੇਤਰ ਵਿਚ ਵਿਸਫੋਟਕ ਡੇਗਣ ਵਿਚ ਡਰੋਨ ਦੀ ਸੰਭਾਵੀ ਵਰਤੋਂ ਦੀ ਵੀ ਪੜਤਾਲ ਕਰ ਰਹੇ ਹਨ। ਇਸ ਹਵਾਈ ਟਿਕਾਣੇ ਵਿਚ ਹਵਾਈ ਫ਼ੌਜ ਦੀਆਂ ਵੱਖ ਵੱਖ ਸੰਪਤੀਆਂ ਹਨ। ਅਧਿਕਾਰੀਆਂ ਨੇ ਦਸਿਆ ਕਿ ਪਹਿਲਾ ਧਮਾਕਾ ਤੜਕੇ 1.40 ਵਜੇ ਹੋਇਆ ਜਿਸ ਨਾਲ ਹਵਾਈ ਅੱਡੇ ਦੇ ਤਕਨੀਕੀ ਖੇਤਰ ਵਿਚ ਇਕ ਇਮਾਰਤ ਦੀ ਛੱਤ ਢਹਿ ਗਈ। ਇਸ ਥਾਂ ਦੀ ਦੇਖਰੇਖ ਦੀ ਜ਼ਿੰਮੇਵਾਰੀ ਹਵਾਈ ਫ਼ੌਜ ਚੁਕਦੀ ਹੈ ਅਤੇ ਦੂਜਾ ਧਮਾਕਾ ਪੰਜ ਮਿੰਟਾਂ ਬਾਅਦ ਜ਼ਮੀਨ ’ਤੇ ਹੋਇਆ। ਸੂਤਰਾਂ ਮੁਤਾਬਕ ਧਮਾਕੇ ਵਿਚ ਹਵਾਈ ਫ਼ੌਜ ਦੇ ਦੋ ਮੁਲਾਜ਼ਮ ਮਾਮੂਲੀ ਰੂਪ ਵਿਚ ਜ਼ਖ਼ਮੀ ਹੋਏ ਹਨ। ਰਖਿਆ ਮੰਤਰੀ ਰਾਜਨਾਥ ਸਿੰਘ ਦੇ ਦਫ਼ਤਰ ਨੇ ਦਸਿਆ ਕਿ ਉਨ੍ਹਾਂ ਹਵਾਈ ਫ਼ੌਜ ਦੇ ਉਪ ਮੁਖੀ ਏਅਰ ਮਾਰਸ਼ਲ ਐਚ ਐਸ ਅਰੋੜਾ ਨਾਲ ਗੱਲ ਕੀਤੀ ਹੈ। ਭਾਰਤੀ ਹਵਾਈ ਫ਼ੌਜ ਨੇ ਕਿਹਾ ਕਿ ਜੰਮੂ ਹਵਾਈ ਫ਼ੌਜ ਸਟੇਸ਼ਨ ਦੇ ਤਕਨੀਕੀ ਖੇਤਰ ਵਿਚ ਘੱਟ ਤੀਬਰਤਾ ਵਾਲੇ ਦੋ ਧਮਾਕੇ ਹੋਣ ਦੀ ਖ਼ਬਰ ਮਿਲੀ ਹੈ। ਕਿਸੇ ਵੀ ਉਪਕਰਨ ਦਾ ਕੋਈ ਨੁਕਸਾਨ ਨਹੀਂ ਹੋਇਆ। ਏਜੰਸੀਆਂ ਨਾਲ ਮਿਲ ਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਵੱਖ ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਹਵਾਈ ਫ਼ੌਜ ਮੁਖੀ ਸਨਿਚਰਵਾਰ ਤੋਂ ਬੰਗਲਾਦੇਸ਼ ਦੇ ਤਿੰਨ ਦਿਨਾ ਦੌਰੇ ’ਤੇ ਹਨ।