ਪੈਰਿਸ: ਦੀਪਕਾ ਕੁਮਾਰੀ, ਅੰਕਿਤਾ ਭਗਤ ਅਤੇ ਕੋਮੋਲਿਕਾ ਬਾਰੀ ਦੀ ਭਾਰਤੀ ਮਹਿਲਾ ਤੀਰਅੰਦਾਜ਼ੀ ਟੀਮ ਨੇ ਇਥੇ ਵਿਸ਼ਵ ਕੱਪ ਦੇ ਤੀਜੇ ਪੜਾਅ ਵਿਚ ਮੈਕਸਿਕੋ ’ਤੇ ਸੌਖੀ ਜਿੱਤ ਨਾਲ ਸੋਨੇ ਦਾ ਤਮਗ਼ਾ ਅਪਣੇ ਨਾਮ ਕਰ ਲਿਆ। ਟੀਮ ਪਿਛਲੇ ਹਫ਼ਤੇ ਓਲੰਪਿਕ ਕੁਆਲੀਫ਼ਾਈ ਕਰਨ ਤੋਂ ਰਹਿ ਗਈ ਸੀ ਅਤੇ ਸੋਨੇ ਦੇ ਤਮਗ਼ੇ ਨਾਲ ਉਸ ਨੇ ਇਸ ਨਿਰਾਸ਼ਾ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੁਨੀਆਂ ਦੀ ਤੀਜੇ ਨੰਬਰ ਦੀ ਤੀਰਅੰਦਾਜ਼ ਦੀਪਕਾ, ਅੰਕ੍ਰਿਤਾ ਅਤੇਕੋਮੋਲਿਕਾ ਦੀ ਤਿਕੜੀ ਨੇ ਵਿਸ਼ਵ ਕੱਪ ਦੇ ਪਹਿਲੇ ਪੜਾਅ ਦੇ ਫ਼ਾਈਨਲ ਵਿਚ ਵੀ ਮੈਕਸਿਕੋ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ। ਉਸ ਨੇ ਇਸ ਤੀਜੇ ਪੜਾਅ ਵਿਚ ਵੀ ਮੈਕਸਿਕੋ ਨੂੰ 5-1 ਨਾਲ ਹਰਾ ਕੇ ਸੋਨੇ ਦਾ ਤਮਗ਼ਾ ਜਿੱਤਿਆ ਅਤੇ ਇਸ ਦੌਰਾਨ ਇਕ ਵੀ ਸੈਟ ਨਹੀਂ ਗਵਾਇਆ।
ਇਸ ਸਾਲ ਇਹ ਵਿਸ਼ਵ ਕੱਪ ਵਿਚ ਉਸ ਦਾ ਲਗਾਤਾਰ ਦੂਜਾ ਅਤੇ ਕੁਲ ਮਿਲਾ ਕੇ ਛੇਵਾਂ ਸੋਨੇ ਦਾ ਤਮਗ਼ਾ ਹੈ। ਇਸ ਵਾਰ ਟੀਮ ਵਿਚ ਦੀਪਕਾ ਸ਼ਾਮਲ ਸੀ। ਭਾਰਤੀ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਜਿਸ ਵਿਚ ਪਹਿਲੇ ਸੈਟ ਵਿਚ ਸਕੋਲ 57-57 ਸੀ। ਪਰ ਦੂਜੇ ਸੈਟ ਵਿਚ ਭਾਰਤੀ ਟੀਮ ਨੇ ਮੈਕਸਿਕੋ ਦੀ ਟੀਮ ’ਤੇ ਦਬਾਅ ਪਾਇਆ। ਦੂਜੇ ਸੈਟ ਵਿਚ ਮੈਕਸਿਕੋ ਦੀ ਟੀਮ 52 ਅੰਕ ਜੁਟਾ ਕੇ ਤਿੰਨ ਅੰਕਾਂ ਨਾਲ ਪਿਛੜ ਗਈ। ਭਾਰਤੀ ਟੀਮ 3-1 ਨਾਲ ਅੱਗੇ ਸੀ। ਇਸ ਤੋਂ ਪਹਿਲਾਂ ਸਨਿਚਰਵਾਰ ਨੂੰ ਅਭਿਸ਼ੇਕ ਵਰਮਾ ਨੇ ਕੰਪਾਊਂਡ ਵਿਅਕਤੀਗਤ ਵਿਚ ਭਾਰਤ ਨੂੰ ਸੋਨੇ ਦਾ ਤਮਗ਼ਾ ਦਿਵਾਇਆ ਸੀ।