ਜੰਮੂ: ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ਼ ਸਿੰਘ ਨੇ ਜੰਮੂ ਵਿਚ ਇੰਡੀਅਨ ਏਅਰਫ਼ੋਰਸ ਸਟੇਸ਼ਨ ਵਿਚ ਹੋਏ ਧਮਾਕੇ ਨੂੰ ਅਤਿਵਾਦੀ ਹਮਲਾ ਦਸਿਆ ਹੈ। ਉਨ੍ਹਾਂ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਡਰੋਨ ਜ਼ਰੀਏ ਆਈਈਡੀ ਧਮਾਕਾ ਕੀਤਾ ਗਿਆ ਹੈ। ਦਿਲਬਾਗ਼ ਸਿੰਘ ਨੇ ਕਿਹਾ ਕਿ ਡਰੋਨ ਨੂੰ ਹੀ ਆਈਈਡੀ ਬੰਬ ਵਜੋਂ ਵਰਤਿਆ ਗਿਆ ਸੀ। ਘਟਨਾ ਸਥਾਨ ਤੋਂ ਇਸ ਦੇ ਟੁਕੜੇ ਬਰਾਮਦ ਹੋਏ ਹਨ। ਉਨ੍ਹਾਂ ਇਹ ਵੀ ਦਸਿਆ ਕਿ ਅਤਿਵਾਦੀਆਂ ਨੇ ਭੀੜ ਵਿਚ ਧਮਾਕੇ ਦੀ ਵੀ ਸਾਜ਼ਸ਼ ਰਚੀ ਸੀ ਜਿਸ ਨੂੰ ਨਾਕਾਮ ਕਰ ਦਿਤਾ ਗਿਆ ਹੈ। ਡੀਜੀਪੀ ਨੇ ਕਿਹਾ ਕਿ ਜੰਮੂ ਪੁਲਿਸ ਨੇ 5-6 ਕਿਲੋ ਦਾ ਇਕ ਆਈਈਡੀ ਬੰਬ ਬਰਾਮਦ ਕੀਤਾ ਹੈ। ਇਹ ਲਸ਼ਕਰ ਏ ਤਾਇਬਾ ਦੇ ਅਤਿਵਾਦੀ ਤੋਂ ਬਰਾਮਦ ਹੋਇਆ ਹੈ ਅਤੇ ਕਿਸੇ ਭੀੜ ਵਾਲੇ ਇਲਾਕੇ ਵਿਚ ਇਸ ਤੋਂ ਧਮਾਕੇ ਦੀ ਯੋਜਨਾ ਬਣਾਈ ਗਈ ਸੀ। ਇਸ ਬਰਾਮਦਗੀ ਨਾਲ ਵੱਡੇ ਹਮਲੇ ਦੀ ਸਾਜ਼ਸ਼ ਨੂੰ ਨਾਕਾਮ ਕਰ ਦਿਤਾ ਗਿਆ ਹੈ। ਹਿਰਾਸਤ ਵਿਚ ਲਏ ਗਏ ਸ਼ੱਕੀਆਂ ਕੋਲੋਂ ਵੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਪਰਚਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।