ਫਯਾਜ਼ ਦੀ ਮੌਕੇ ‘ਤੇ ਹੀ ਮੌਤ ਤੇ ਉਸਦੀ ਪਤਨੀ ਅਤੇ ਧੀ ਗੰਭੀਰ ਰੂਪ ਵਿੱਚ ਜ਼ਖਮੀ
ਪੁਲਿਸ ਨੇ ਪਾਇਆ ਘੇਰਾ
ਪੁਲਵਾਮਾ: ਬੀਤੇ ਇਕ ਦਿਨ ਪਹਿਲਾਂ ਹੀ ਜੰਮੂ ਕਸ਼ਮੀਰ ਦੇ ਏਅਰ ਫ਼ੋਰਸ ਸਟੇਸ਼ਨ ਵਿਚ ਧਮਾਕਾ ਹੋਇਆ ਸੀ ਅਤੇ ਇਸ ਮਗਰੋਂ ਡਰੋਨ ਨਾਲ ਹੀ ਹਮਲਾ ਕੀਤਾ ਗਿਆ ਸੀ ਅਤੇ ਇਕ ਵਾਰ ਫਿਰ ਅੱਤਵਾਦੀਆਂ ਨੇ ਇਕ ਹੋਰ ਕਾਰਾ ਕਰ ਦਿਤਾ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਐਤਵਾਰ ਨੂੰ ਕਸ਼ਮੀਰ ਪੁਲਿਸ ਦੇ ਅਨੁਸਾਰ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਪੁਲਿਸ ਦੇ ਇੱਕ ਸਾਬਕਾ ਵਿਸ਼ੇਸ਼ ਪੁਲਿਸ ਅਧਿਕਾਰੀ (ਐਸਪੀਓ) ਫਯਾਜ਼ ਅਹਿਮਦ ਅਤੇ ਉਸਦੀ ਪਤਨੀ ਨੂੰ ਪੁਲਵਾਮਾ ਜ਼ਿਲ੍ਹੇ ਦੇ ਹਰੀਪਰੀਗਮ ਪਿੰਡ ਵਿਖੇ ਉਨ੍ਹਾਂ ਦੇ ਘਰ ‘ਚ ਗੋਲੀ ਮਾਰ ਦਿੱਤੀ। ਦੱਸ ਦਈਏ ਕਿ ਇਸ ਅੱਤਵਾਦੀ ਕਾਰਵਾਈ ਵਿੱਚ ਫਯਾਜ਼ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਸਦੀ ਪਤਨੀ ਅਤੇ ਧੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪੁਲਿਸ ਦੇ ਅਨੁਸਾਰ, ਸ਼ਹੀਦ ਫੈਜ਼ ਅਹਿਮਦ ਦੀ ਪਤਨੀ ਦੀ ਵੀ ਹਸਪਤਾਲ ਵਿੱਚ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀ ਰਾਤ ਕਰੀਬ 11 ਵਜੇ ਪੁਲਵਾਮਾ ਦੇ ਅਵੰਤੀਪੋਰਾ ਖੇਤਰ ਦੇ ਹਰੀਪਰੀਗਮ ਵਿਖੇ ਐਸਪੀਓ ਫਯਾਜ਼ ਅਹਿਮਦ ਦੇ ਘਰ ਦਾਖਲ ਹੋਏ ਅਤੇ ਪਰਿਵਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਦੇ ਅਨੁਸਾਰ ਖੇਤਰ ਨੂੰ ਘੇਰ ਲਿਆ ਗਿਆ ਹੈ ਅਤੇ ਸਰਚ ਅਭਿਆਨ ਜਾਰੀ ਹੈ। ਉਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘੇਰਾਬੰਦੀ ਪੂਰੀ ਤਰ੍ਹਾਂ ਕੀਤੀ ਹੋਈ ਹੈ ਅਤੇ ਅੱਤਵਾਦੀਆਂ ਨੂੰ ਭਜੱਣ ਨਹੀਂ ਦਿਤਾ ਜਾਵੇਗਾ।