ਸ੍ਰੀਨਗਰ : ਬੀਤੇ ਦਿਨ ਕਸ਼ਮੀਰ ਵਿੱਚ ਦੋ ਸਿੱਖ ਕੁੜੀਆਂ ਨੂੰ ਅਗ਼ਵਾ ਕਰ ਕੇ ਮੁਸਲਮਾਨ ਬਣਾਉਣ ਦਾ ਮਾਮਲਾ ਉਲਝ ਗਿਆ ਹੈ ਅਤੇ ਇਥੇ ਸਥਿਤੀ ਤਨਾਅ ਵਾਲੀ ਬਣ ਗਈ ਹੈ। ਇਥੇ ਦਸ ਦਈਏ ਕਿ ਕਸ਼ਮੀਰ ਦੀਆਂ ਦੋ ਸਿੱਖ ਕੁੜੀਆਂ ਨੂੰ ਮੁਸਲਮਾਨ ਦਾ ਮਾਮਲਾ ਉਜਾਗਰ ਹੋਇਆ ਹੈ ਜਿਸ ਕਾਰਣ ਸਿੱਖ ਭਾਈਚਾਰੇ ਵਿੱਚ ਰੋਸ ਵੱਧਦਾ ਜਾ ਰਿਹਾ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਵਿਆਹ ਦੇ ਨਾਂ 'ਤੇ ਧਰਮ ਤਬਦੀਲ ਕਰਨ ਵਾਲੀਆਂ ਦੋ ਲੜਕੀਆਂ ਵਿੱਚ ਇੱਕ ਲੜਕੀ ਮਹਿਜੂਰ ਨਗਰ ਦੀ ਹੈ ਤੇ ਦੂਜੀ ਰੈਨਾਵਾੜੀ ਦੀ ਹੈ । ਰੈਨਾਵਾੜੀ ਦੀ ਲੜਕੀ ਦੇ ਮਾਮਲੇ ਨੇ ਵਾਦੀ ਵਿੱਚ ਸਿੱਖਾਂ ਨੂੰ ਸੜਕਾਂ 'ਤੇ ਆਉਣ ਲਈ ਮਜਬੂਰ ਕੀਤਾ । ਇਸ ਮਾਮਲੇ ਵਿੱਚ ਸਿੱਖ ਭਾਈਚਾਰੇ ਵੱਲੋਂ ਕਸ਼ਮੀਰ ਵਿੱਚ ਲਵ ਜਹਾਦ ਦਾ ਦੋਸ਼ ਲਗਾਇਆ ਗਿਆ ਹੈ ਤੇ ਅਜਿਹੇ ਮਾਮਲਿਆਂ ਨੂੰ ਰੋਕਣ ਲਈ ਸਰਕਾਰ ਤੋਂ ਉੱਤਰ ਪ੍ਰਦੇਸ਼ ਵਰਗਾ ਕਾਨੂੰਨ ਬਣਾਉਣ ਦੀ ਮੰਗ ਵੀ ਕੀਤੀ ਗਈ ਹੈ। ਪੰਜਾਬ ਤੋਂ ਗਏ ਸਿੱਖਾਂ ਅਤੇ ਕਸ਼ਮੀਰ ਦੇ ਸਿੱਖ ਭਾਈਚਾਰੇ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਦੀ ਅਪੀਲ ਕੀਤੀ ਗਈ ਹੈ । ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀਨਗਰ ਪਹੁੰਚ ਕੇ ਪੂਰੇ ਮਾਮਲੇ ਵਿੱਚ ਸਥਾਨਕ ਸਿੱਖ ਭਾਈਚਾਰੇ ਦੇ ਆਗੂਆਂ ਨਾਲ ਵਿਚਾਰ-ਵਟਾਂਦਰਾ ਕੀਤਾ । ਉਨ੍ਹਾਂ ਨੇ ਉੱਥੇ ਪਹੁੰਚ ਕੇ ਕਸ਼ਮੀਰ ਵਿੱਚ ਜਾਰੀ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਤੇ ਬਾਅਦ ਉਪ ਰਾਜਪਾਲ ਮਨੋਜ ਸਿਨਹਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ ਕਿ ਕਸ਼ਮੀਰ ਵਿੱਚ ਵੀ ਉੱਤਰ ਪ੍ਰਦੇਸ਼ ਵਾਂਗ ਲਵ ਜਹਾਦ ਵਿਰੋਧੀ ਕਾਨੂੰਨ ਬਣਨਾ ਚਾਹੀਦਾ ਹੈ।
ਇਸ ਮਾਮਲੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਬਡਗਾਮ ਦੇ ਚੇਅਰਮੈਨ ਸੰਤ ਪਾਲ ਸਿੰਘ ਨੇ ਕਿਹਾ ਕਿ ਰੈਨਾਵਾੜੀ ਦੀ ਲੜਕੀ ਨੂੰ ਵਰਗਲਾਇਆ ਗਿਆ ਹੈ, ਜਦੋਂ ਉਹ ਲੜਕੀ ਅਗਵਾ ਹੋਈ ਤਾਂ ਪੁਲਿਸ ਨੇ ਪਤਾ ਲਾਉਣ ਵਿੱਚ ਦੇਰ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਲੜਕੀ ਨੂੰ ਬਰਾਮਦ ਕੀਤਾ ਗਿਆ ਤਾਂ ਉਸ ਦਾ ਧਰਮ ਬਦਲਿਆ ਜਾ ਚੁੱਕਾ ਸੀ । ਲੜਕੀ ਦੇ ਪਰਿਵਾਰ ਵਾਲਿਆਂ ਨੂੰ ਉਸ ਨਾਲ ਮਿਲਣ ਨਹੀਂ ਦਿੱਤਾ ਗਿਆ। ਹੁਣ ਸਥਾਨਕ ਲੋਕਾਂ ਦੇ ਦਬਾਉ ਕਾਰਨ ਪੁਲਿਸ ਪ੍ਰਸ਼ਾਸਨ ਨੇ ਇਸੇ ਮਾਮਲੇ ਸਬੰਧੀ ਮੀਟਿੰਗ ਸੱਦ ਲਈ ਹੈ ਅਤੇ ਛੇਤੀ ਹੀ ਕੋਈ ਅੰਤਮ ਫ਼ੈਸਲਾ ਆਉਣ ਦੀ ਸੰਭਾਵਨਾ ਹੈ।