ਗਾਜ਼ੀਆਬਾਦ: ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਲੋਨੀ ਦੇ ਮੁੱਖ ਬਾਜ਼ਾਰ ਵਿਚ ਐਤਵਾਰ ਦੇਰ ਰਾਤ ਨੂੰ ਕੁਝ ਬਦਮਾਸ਼ ਨੇ ਅੰਨੇਵਾਹ ਗੋਲੀਆਂ ਚਲਾ ਦਿਤੀਆਂ ਜਿਸ ਵਿਚ ਕਈ ਜਣਿਆਂ ਦੀ ਮੌਤ ਹੋ ਗਈ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਕੱਪੜੇ ਦੇ ਵਪਾਰੀ ਦੇ ਘਰ ਦਾਖਲ ਹੋਏ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਵਿਚ ਕਾਰੋਬਾਰੀ ਅਤੇ ਉਸ ਦੇ ਦੋ ਲੜਕਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਇਲਾਵਾ ਕਾਰੋਬਾਰੀ ਦੀ ਪਤਨੀ ਦੀ ਹਾਲਤ ਨਾਜ਼ੁਕ ਹੈ ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਬਦਮਾਸ਼ਾਂ ਦੀ ਪਛਾਣ ਅਜੇ ਨਹੀਂ ਹੋਈ ਹੈ ਅਤੇ ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਰਿਆਜ਼ ਨਾਮ ਦਾ ਸ਼ਖ਼ਸ ਲੋਨੀ ਦੇ ਮੁੱਖ ਬਾਜ਼ਾਰ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਅਤੇ ਕੱਪੜੇ ਦਾ ਵਪਾਰ ਕਰਦਾ ਸੀ। ਬਦਮਾਸ਼ ਡਕੈਤੀ ਦੀ ਨੀਅਤ ਨਾਲ ਉਸ ਦੇ ਘਰ ਦਾਖਲ ਹੋਏ। ਬਦਮਾਸ਼ਾਂ ਨੇ ਰਾਇਸੁਦੀਨ (70), ਉਸ ਦੇ ਪੁੱਤਰਾਂ ਅਜ਼ਹਰ (30) ਅਤੇ ਇਮਰਾਨ (27) ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਇਲਾਵਾ ਰਾਇਸੂਦੀਨ ਦੀ ਪਤਨੀ ਫਾਤਿਮਾ (65) ਨੂੰ ਵੀ ਗੋਲੀ ਮਾਰ ਦਿੱਤੀ ਗਈ ਸੀ। ਉਸ ਨੂੰ ਗੰਭੀਰ ਹਾਲਤ ਵਿਚ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਇਸ ਗੱਲ ਦਾ ਸੁਰਾਗ ਇਕੱਠੀ ਕਰ ਰਹੀ ਹੈ ਕਿ ਬਦਮਾਸ਼ਾਂ ਨੇ ਇਹ ਜੁਰਮ ਕਿਉਂ ਕੀਤਾ। ਹੁਣ ਘਟਨਾ ਸਬੰਧੀ ਬਦਮਾਸ਼ਾਂ ਦੀ ਭਾਲ ਵਿਚ ਪੁਲਿਸ ਵਲੋਂ ਕਈ ਥਾਈਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਚ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਛੇਤੀ ਹੀ ਬਦਮਾਸ਼ਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਹਾਲ ਦੀ ਘੜੀ ਇਹ ਲੁੱਟ ਦਾ ਮਾਮਲਾ ਤਾਂ ਲੱਗ ਰਿਹਾ ਹੈ ਪਰ ਪੁਲਿਸ ਇਸ ਜਾਂਚ ਵਿਚ ਵੀ ਜੁਟ ਗਈ ਹੈ ਕਿ ਇਹ ਸੁਪਾਰੀ ਕਿਲਿੰਗ ਮਾਮਲਾ ਵੀ ਹੋ ਸਕਦਾ ਹੈ।