ਜੰਮੂ : ਸ਼ਹਿਰ ਵਿਚ ਸੋਮਵਾਰ ਤੜਕੇ ਕਾਲੂਚਕ ਵਿਚ ਮਿਲਟਰੀ ਸਟੇਸ਼ਨ ਲਾਗੇ ਦੋ ਡਰੋਨ ਵੇਖੇ ਗਏ ਜਿਸ ਨੂੰ ਵੇਖਦਿਆਂ ਫ਼ੌਜ ਨੇ ਫ਼ੌਰੀ ਕਾਰਵਾਈ ਕੀਤੀ ਅਤੇ ਗੋਲੀਬਾਰੀ ਕੀਤੀ ਗਈ। ਪਰ ਨਿਸ਼ਾਨਾ ਖੁੰਝ ਗਿਆ। ਫ਼ੌਜੀ ਇਲਾਕੇ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪਰ ਹਾਲੇ ਤਕ ਕੋਈ ਬਰਾਮਦਗੀ ਨਹੀਂ ਹੋਈ। ਫ਼ੌਜ ਦੇ ਬੁਲਾਰੇ ਨੇ ਦਸਿਆ ਕਿ ਚੌਕਸ ਫ਼ੌਜੀਆਂ ਦੁਆਰਾ ਫ਼ੌਜੀ ਖੇਤਰ ਵਿਚ ਦੋ ਵੱਖ ਵੱਖ ਡਰੋਨ ਗਤੀਵਿਧੀਆਂ ਨੂੰ ਵੇਖਿਆ ਗਿਆ। ਤੁਰੰਤ ਅਲਰਟ ਜਾਰੀ ਕੀਤਾ ਗਿਆ ਅਤੇ ਟੀਮ ਨੇ ਤੁਰੰਤ ਉਨ੍ਹਾਂ ’ਤੇ ਫ਼ਾਇਰਿੰਗ ਕੀਤੀ।
ਇਸ ਦੇ ਬਾਅਦ ਦੋਵੇਂ ਡਰੋਨ ਵਾਪਸ ਚਲੇ ਗਏ। ਫ਼ੌਜੀਆਂ ਦੀ ਮੁਸਤੈਦੀ ਨੇ ਵੱਡੇ ਖਤਰੇ ਨੂੰ ਟਾਲ ਦਿਤਾ। ਸੁਰੱਖਿਆ ਬਲ ਹਾਈ ਅਲਰਟ ’ਤੇ ਹਨ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਦੇਸ਼ ਵਿਚ ਪਹਿਲੀ ਵਾਰ ਡਰੋਨ ਨਾਲ ਹਮਲਾ ਕਰਦੇ ਹੋਏ ਅਤਿਵਾਦੀਆਂ ਨੇ ਜੰਮੂ ਏਅਰਫ਼ੋਰਸ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਸੀ। ਅੱਧੀ ਰਾਤ ਨੂੰ ਹਾਈ ਸਕਿਉਰਟੀ ਵਾਲੇ ਏਅਰਫ਼ੋਰਸ ਸਟੇਸ਼ਨ ਵਿਚ ਦੋ ਧਮਾਕੇ ਹੋਏ। ਹਮਲੇ ਵਿਚ ਸਟੇਸ਼ਨ ਦੀ ਇਕ ਇਮਾਰਤ ਦੀ ਛੱਤ ਵਿਚ ਸੁਰਾਖ ਹੋ ਗਿਆ। ਅਤਿਵਾਦੀਆਂ ਦਾ ਨਿਸ਼ਾਨਾ ਤਕਨੀਕੀ ਏਅਰਪੋਰਟ ਵਿਚ ਖੜੇ ਜਹਾਜ਼ ਸਨ। ਹਮਲੇ ਦੇ ਬਾਅਦ ਊਧਮਪੁਰ ਸਮੇਤ ਸਾਰੇ ਸਟੇਸ਼ਨਾਂ ਦੀ ਸੁਰੱਖਿਆ ਵਧਾ ਦਿਤੀ ਗਈ ਹੈ। ਪੂਰੇ ਸੂਬੇ ਵਿਚ ਅਲਰਟ ਕਰ ਦਿਤਾ ਗਿਆ ਹੈ। ਏਅਰਫ਼ੋਰਸ ਨਾਲ ਐਨਆਈਏ ਵੀ ਇਸ ਹਮਲੇ ਦੀ ਜਾਂਚ ਕਰ ਰਹੀ ਹੈ। ਦੋ ਸ਼ੱਕੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ।