ਕੋਲਕਾਤਾ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਰਾਜ ਦੇ ਰਾਜਪਾਲ ਜਗਦੀਪ ਧਨਖੜ ’ਤੇ ਵੱਡਾ ਦੋਸ਼ ਲਾਉਂਦਿਆਂ ਕਿਹਾ ਕਿ ਰਾਜਪਾਲ ਭ੍ਰਿਸ਼ਟ ਵਿਅਕਤੀ ਹੈ। ਉਨ੍ਹਾਂ ਦਾ ਨਾਮ 1996 ਦੇ ਹਵਾਲਾ ਜੈਨ ਮਾਮਲੇ ਦੀ ਚਾਰਜਸ਼ੀਟ ਵਿਚ ਸੀ। ਮੈਂ ਉਨ੍ਹਾਂ ਨੂੰ ਹਟਾਉਣ ਲਈ ਤਿੰਨ ਵਾਰ ਚਿੱਠੀਆਂ ਵੀ ਲਿਖੀਆਂ। ਉਨ੍ਹਾਂ ਕਿਹਾ ਕਿ ਉਹ ਭ੍ਰਿਸ਼ਟਾਚਾਰ ਵਿਚ ਲਿਪਤ ਹਨ ਪਰ ਉਨ੍ਹਾਂ ਨੂੰ ਅਹੁਦੇ ਨਾਲ ਨਿਵਾਜ ਦਿਤਾ ਗਿਆ। ਮਮਤਾ ਦੇ ਦੋਸ਼ਾਂ ਦਾ ਕੁਝ ਹੀ ਦੇਰ ਬਾਅਦ ਧਨਖੜ ਨੇ ਜਵਾਬ ਦਿਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਪ੍ਰੈਸ ਕਾਨਫ਼ਰੰਸ ਕਰਕੇ ਗੰਭੀਰ ਦੋਸ਼ ਲਾਏ ਹਨ। ਇਹ ਬਹੁਤ ਮਾੜੀ ਗੱਲ ਹੈ। ਉਨ੍ਹਾਂ ਕਿਹਾ, ‘ਮੈਨੂੰ ਉਮੀਦ ਨਹੀਂ ਸੀ ਕਿ ਉਹ ਸਨਸਨੀ ਫੈਲਾਉਣ ਲਈ ਗ਼ਲਤ ਜਾਣਕਾਰੀ ਦੇਣਗੇ। ਕਿਸੇ ਚਾਰਜਸ਼ੀਟ ਵਿਚ ਮੇਰਾ ਨਾਮ ਨਹੀਂ ਹੈ। ਅਜਿਹਾ ਕੋਈ ਦਸਤਾਵੇਜ਼ ਨਹੀਂ ਹੈ। ਇਹ ਗ਼ਲਤ ਸੂਚਨਾ ਹੈ। ਮੈਨੂੰ ਹਵਾਲਾ ਚਾਰਜਸ਼ੀਟ ਵਿਚ ਕਿਸੇ ਅਦਾਲਤ ਨੇ ਸਟੇਅ ਨਹੀਂ ਦਿਤਾ ਕਿਉਂਕਿ ਅਜਿਹੀ ਕੋਈ ਚਾਰਜਸ਼ੀਟ ਹੀ ਨਹੀਂ ਸੀ।’ ਉਨ੍ਹਾਂ ਕਿਹਾ ਕਿ ਮਮਤਾ ਨੂੰ ਉਹ ਅਪਣੀ ਛੋਟੀ ਭੈਣ ਸਮਝਦੇ ਹਨ ਪਰ ਜੋ ਉਨ੍ਹਾਂ ਕਿਹਾ ਕਿ ਉਹ ਸੱਚ ਤੋਂ ਪਰ੍ਹੇ ਹੈ। ਯਸ਼ਵੰਤ ਸਿਨਹਾ ਹਵਾਲਾ ਕੇਸ ਵਿਚ ਚਾਰਜਸ਼ੀਟ ਵਿਚ ਸਨ, ਇਸ ਲਈ ਉਹ ਉਨ੍ਹਾਂ ਨਾਲ ਗੱਲ ਕਰੇ। ਬੰਗਾਲ ਦੀ ਚੋਣਾਂ ਤੋਂ ਪਹਿਲਾਂ ਮਮਤਾ ਅਤੇ ਧਨਖੜ ਵਿਚਾਲੇ ਤਕਰਾਰ ਚੱਲ ਰਿਹਾ ਹੈ। ਧਨਖੜ ਨੇ ਚੋਣਾਂ ਦੇ ਨਤੀਜੇ ਆਉਣ ਦੇ ਬਾਅਦ ਰਾਜ ਵਿਚ ਵਾਪਰੀਆਂ ਹਿੰਸਕ ਘਟਨਾਵਾਂ ਨੂੰ ਨਾ ਰੋਕ ਸਕਣ ਲਈ ਮਮਤਾ ਨੂੰ ਜ਼ਿੰਮੇਵਾਰ ਦਸਿਆ ਸੀ। ਲਗਾਤਾਰ ਬਿਆਨ ਆਉਣ ਤੋਂ ਨਾਰਾਜ਼ ਮਮਤਾ ਨੇ ਧਨਖੜ ਨੂੰ 14 ਪੰਨਿਆਂ ਦੀ ਚਿੱਠੀ ਲਿਖ ਕੇ ਕਿਹਾ ਸੀ ਕਿ ਸੰਕਟ ਦੀ ਇਸ ਘੜੀ ਵਿਚ ਸੱਤਾ ਹੜੱਪਣ ਦੀਆਂ ਅਪਣੀਆਂ ਕੋਸ਼ਿਸ਼ਾਂ ਤੇਜ਼ ਕਰਨ ਤੋਂ ਬਾਜ਼ ਆ ਜਾਉ।