ਨਵੀਂ ਦਿੱਲੀ: ਦਖਣੀ ਪਛਮੀ ਮਾਨਸੂਨ ਅਪਣੇ ਆਮ ਸਮੇਂ ਤੋਂ ਦੋ ਹਫ਼ਤੇ ਪਹਿਲਾਂ ਪਛਮੀ ਰਾਜਸਥਾਨ ਦੇ ਬਾੜਮੇਰ ਪਹੁੰਚ ਗਈ ਹੈ ਜੋ ਇਸ ਦੇ ਆਖ਼ਰੀ ਪੜਾਅ ਵਿਚੋਂ ਇਕ ਹੈ। ਉਧਰ, ਦਿੱਲੀ ਸਮੇਤ ਉਤਰ ਭਾਰਤ ਦੇ ਮੈਦਾਨੀ ਹਿੱਸਿਆਂ ਨੂੰ ਹਾਲੇ ਵੀ ਮਾਨਸੂਨ ਦੇ ਮੀਂਹ ਦੀ ਉਡੀਕ ਹੈ। ਫ਼ਿਲਹਾਲ ਇਥੇ ਸਖ਼ਤ ਗਰਮੀ ਪੈ ਰਹੀ ਹੈ। ਭਾਰਤ ਮੌਸਮ ਵਿਗਿਆਨ ਵਿਭਾਗ ਨੇ ਮੰਗਲਵਾਰ ਨੂੰ ਦਸਿਆ ਕਿ ਦਖਣੀ ਮਾਨਸੂਨ ਦੀ ਉਤਰੀ ਸੀਮਾ ਹੁਣ ਵੀ ਬਾੜਮੇਰ, ਭੀਲਵਾੜਾ, ਧੌਲਪੁਰ, ਅਲੀਗੜ੍ਹ, ਮੇਰਠ, ਅੰਬਾਲਾ ਅਤੇ ਅੰਮ੍ਰਿਤਸਰ ਤੋਂ ਹੋ ਕੇ ਲੰਘ ਰਹੀ ਹੈ। ਕੇਰਲਾ ਵਿਚ ਦੋ ਦਿਨ ਦੇਰੀ ਨਾਲ ਪੁੱਜਣ ਦੇ ਬਾਅਦ ਮਾਨਸੂਨ ਹੁਣ ਆਮ ਤੋਂ ਸੱਤ ਤੋਂ ਦਸ ਦਿਨ ਪਹਿਲਾਂ ਪੂਰਬੀ, ਮੱਧ ਅਤੇ ਉਤਰ ਪਛਮੀ ਭਾਰਤ ਵਿਚ ਦਸਤਕ ਦੇ ਰਿਹਾ ਹੈ। ਇਸੇ ਲੜੀ ਵਿਚ ਮਾਨਸੂਨ ਰਾਜਸਥਾਨ ਦੇ ਸਰਹੱਦੀ ਅਤੇ ਰੇਗਿਸਤਾਨੀ ਜ਼ਿਲ੍ਹੇ ਬਾੜਮੇਰ ਪਹੁੰਚ ਗਿਆ ਹੈ ਪਰ ਪਛਮੀ ਉਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਹੁਣ ਵੀ ਮੀਂਹ ਦੀ ਉਡੀਕ ਕਰ ਰਹੇ ਹਨ। ਮੌਸਤ ਵਿਭਾਗ ਦੇ ਖੇਤੀ ਦਫ਼ਤਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਦਸਿਆ ਕਿ ਬਾੜਮੇਰ ਪਛਮੀ ਰਾਜਸਥਾਨ ਦੇ ਉਨ੍ਹਾਂ ਕੁਝ ਕੇਂਦਰਾਂ ਵਿਚ ਹੈ ਜਿਥੇ ਦਖਣੀ ਮਾਨਸੂਨ ਆਮ ਤੌਰ ’ਤੇ ਸਭ ਤੋਂ ਬਾਅਦ ਵਿਚ ਆਉਂਦੀ ਹੈ। ਦਖਣੀ ਪਛਮੀ ਮਾਨਸੂਨ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਪਛਮੀ ਰਾਜਸਥਾਨ ਵਿਚ ਪਹੁੰਚਦੀ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਮੁਤਯੁੰਜਯ ਮਹਾਪਾਤਰ ਨੇ ਕਿਹਾ ਕਿ ਇਸ ਵਾਰ ਮਾਨਸੂਨ ਆਮ ਸਮੇਂ ਤੋਂ ਦੋ ਹਫ਼ਤੇ ਪਹਿਲਾਂ ਬਾੜਮੇਰ ਪਹੁੰਚ ਗਈ ਹੈ। ਉਨ੍ਹਾਂ ਕਿਹਾ, ‘ਅਰਬ ਸਾਗਰ ਵਿਚ ਬਣੇ ਦਬਾਅ ਦੇ ਖੇਤਰ ਕਾਰਨ ਮਾਨਸੂਨ ਦੀ ਗਤੀ ਮਿਲੀ ਤਾਂ ਜੂਨ ਵਿਚ ਹੀ ਬਾੜਮੇਰ ਸਮੇਤ ਰਾਜਸਥਾਨ ਦੇ ਕੁਝ ਹਿੱਸਿਆਂ ਵਿਚ ਪਹੁੰਚ ਗਈ।’ ਉਨ੍ਹਾਂ ਕਿਹਾ ਕਿ ਹਰਿਆਣਾ, ਪੰਜਾਬ ਦੇ ਕੁਝ ਹਿੱਸਿਆਂ ਅਤੇ ਪਛਮੀ ਯੂਪੀ ਅਤੇ ਪਛਮੀ ਰਾਜਸਥਾਨ ਦੇ ਮਾਮਲੇ ਵਿਚ ਪੂਰਬੀ ਹਵਾਵਾਂ ਬੰਗਾਲ ਦੀ ਖਾੜੀ ਦੇ ਇਨ੍ਹਾਂ ਇਲਾਕਿਆਂ ਵਿਚ ਮਾਨਸੂਨ ਨੂੰ ਪਹੁੰਚਾਉਂਦੀਆਂ ਹਨ ਪਰ ਬੰਗਾਲ ਦੀ ਖਾੜੀ ਵਿਚ ਇਸ ਸਮੇਂ ਕੋਈ ਸਰਗਰਮ ਦਬਾਅ ਖੇਤਰ ਨਹੀਂ ਹੈ ਜੋ ਪੂਰਬੀ ਹਵਾਵਾਂ ਨੂੰ ਮਾਨਸੂਨ ਨੂੰ ਇਸ ਖੇਤਰ ਵਿਚ ਲਿਆਉਣ ਵਿਚ ਮਦਦ ਕਰ ਸਕੇ।