ਜੰਮੂ: ਜੰਮੂ ਵਿਚ ਸੁੰਜਵਾਨ ਮਿਲਟਰੀ ਸਟੇਸ਼ਨ ਲਾਗੇ ਸੋਮਵਾਰ ਦੇਰ ਰਾਤ ਸ਼ੱਕੀ ਡਰੋਨ ਨਜ਼ਰ ਆਇਆ। ਰੀਪੋਰਟਾਂ ਵਿਚ ਕਿਹਾ ਗਿਆ ਹੈ ਕਿ ਕੁੰਜਵਾਨੀ ਅਤੇ ਕਾਲੂਚਕ ਇਲਾਕੇ ਵਿਚ ਵੀ ਡਰੋਨ ਵੇਖਿਆ ਗਿਆ ਹੈ ਹਾਲਾਂਕਿ ਇਸ ਦੀ ਹਾਲੇ ਪੁਸ਼ਟੀ ਨਹੀਂ ਹੋਈ। ਪਿਛਲੇ ਦੋ ਦਿਨਾਂ ਦੌਰਾਨ ਦੋ ਵਾਰ ਡਰੋਨ ਵੇਖੇ ਗਏ ਹਨ। ਤਿੰਨੇ ਥਾਵਾਂ ’ਤੇ ਇਕ ਹੀ ਡਰੋਨ ਸੀ ਜਾਂ ਵੱਖ ਵੱਖ ਸਨ, ਇਹ ਹਾਲੇ ਸਪੱਸ਼ਟ ਨਹੀਂ। ਇਸ ਘਟਨਾ ਦੇ ਬਾਅਦ ਸੁਰੱਖਿਆ ਏਜੰਸੀਆਂ ਹੋਰ ਚੌਕਸ ਹੋ ਗਈਆਂ ਸਨ। ਸਨਿਚਰਵਾਰ ਨੂੰ ਏਅਰ ਫ਼ੋਰਸ ਸਟੇਸ਼ਨ ’ਤੇ ਡਰੋਨ ਹਮਲਾ ਹੋਇਆ ਸੀ। ਦੂਜੀ ਘਟਨਾ ਐਤਵਾਰ ਨੂੰ ਵਾਪਰੀ। ਨੈਸ਼ਨਲ ਸਕਿਉਰਟੀ ਗਾਰਡ ਦਾ ਬੰਬ ਨਿਰੋਧਕ ਦਸਤਾ ਏਅਰ ਫ਼ੋਰਸ ਸਟੇਸ਼ਨ ’ਤੇ ਹੋਏ ਬੰਬ ਧਮਾਕੇ ਦੀ ਜਾਂਚ ਕਰ ਰਿਹਾ ਹੈ। ਫਿਲਹਾਲ ਆਰਡੀਐਕਸ ਅਤੇ ਟੀਐਨਟੀ ਵਰਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਡਰੋਨ ਨੂੰ ਪਾਕਿਸਤਾਨ ਦੁਆਰਾ ਕੰਟਰੋਲ ਕੀਤਾ ਜਾ ਰਿਹਾ ਸੀ ਹਾਲਾਂਕਿ ਸਥਾਨਕ ਸੰਚਾਲਕ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਜੰਮੂ ਏਅਰਬੇਸ ਵਿਚ ਹੋਏ ਡਰੋਨ ਹਮਲੇ ਦੀ ਜਾਂਚ ਐਨਆਈਏ ਨੂੰ ਸੌਂਪ ਦਿਤੀ ਗਈ ਹੈ। ਇਸ ਤੋਂ ਪਹਿਲਾਂ ਸਥਾਨਕ ਪੁਲਿਸ ਜਾਂਚ ਕਰ ਰਹੀ ਸੀ।