ਨੈਨੀਤਾਲ : ਹਾਈ ਕੋਰਟ ਦੀਆਂ ਝਿੜਕਾਂ ਮਗਰੋਂ ਉਤਰਾਖੰਡ ਸਰਕਾਰ ਨੇ ਬਦਰੀਨਾਥ-ਕੇਦਾਰਨਾਥ ਸਮੇਤ ਚਾਰਧਾਮ ਯਾਤਰਾ ਰੱਦ ਕਰ ਦਿਤੀ ਹੈ। ਬੈਕਫ਼ੁਟ ’ਤੇ ਆਈ ਸਰਕਾਰ ਹੁਣ 1 ਜੁਲਾਈ ਤੋਂ ਸਥਾਨਕ ਨਿਵਾਸੀਆਂ ਲਈ ਚਾਰਧਾਮ ਯਾਤਰਾ ਸ਼ੁਰੂ ਨਹੀਂ ਕਰ ਸਕੇਗੀ। ਮੁੱਖ ਮੰਤਰੀ ਤੀਰਥ ਸਿੰਘ ਰਾਵਤ ਦੀ ਪ੍ਰਧਾਨਗੀ ਵਿਚ ਹੋਈ ਕੈਬਨਿਟ ਬੈਠਕ ਵਿਚ ਉਤਰਕਾਂਸ਼ੀ ਜ਼ਿਲ੍ਹੇ ਦੇ ਲੋਕਾਂ ਨੂੰ ਗੰਗੋਤਰੀ ਅਤੇ ਯਮੁਨੋਤਰੀ, ਰੁਦਰਪ੍ਰਾਗ ਜ਼ਿਲ੍ਹੇ ਦੇ ਲੋਕਾਂ ਲਈ ਕੇਦਾਰਨਾਥ ਅਤੇ ਚਮੋਲੀ ਜ਼ਿਲ੍ਹੇ ਦੇ ਵਾਸੀਆਂ ਲਈ ਬਦਰੀਨਾਥ ਧਾਮ ਵਿਚ 1 ਜੁਲਾਈ ਤੋਂ ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਜਦਕਿ ਸੂਬੇ ਭਰ ਦੇ ਸ਼ਰਧਾਲੂਆਂ ਲਈ 11 ਜੁਲਾਈ ਤੋਂ ਚਾਰਧਾਮ ਯਾਤਰਾ ਸ਼ੁਰੂ ਕਰਨਾ ਪ੍ਰਸਤਾਵਤ ਸੀ। ਇਸ ਤੋਂ ਪਹਿਲਾਂ, ਹਾਈ ਕੋਰਟ ਨੈਨੀਤਾਲ ਨੇ ਇਕ ਜੁਲਾਈ ਤੋਂ ਚਾਰਧਾਮ ਯਾਤਰਾ ਸ਼ੁਰੂ ਕਰਨ ਦੇ ਰਾਜ ਕੈਬਨਿਟ ਦੇ ਫ਼ੈਸਲੇ ’ਤੇ ਰੋਕ ਲਾ ਦਿਤੀ ਸੀ। ਇਹ ਰੋਕ 7 ਜੁਲਾਈ ਤਕ ਲਾਈ ਗਈ ਹੈ। ਅਦਾਲਤ ਨੇ ਸਰਕਾਰ ਨੂੰ ਪੂਜਾ ਦਾ ਲਾਈਵ ਟੈਲੀਕਾਸਟ ਕਰਨ ਦੇ ਹੁਕਮ ਦਿਤੇ ਹਨ। ਨਾਲ ਹੀ ਸੱਤ ਜੁਲਾਈ ਨੂੰ ਅਦਾਲਤ ਵਿਚ ਸਹੁੰ ਪੱਤਰ ਪੇਸ਼ ਕਰਨ ਲਈ ਆਖਿਆ ਹੈ। ਇਸ ਮਾਮਲੇ ਦੀ ਸੁਣਵਾਈ ਜੱਜ ਆਰ ਐਸ ਚੌਹਾਨ ਅਤੇ ਜੱਜ ਆਲੋਕ ਕੁਮਾਰ ਵਰਮਾ ਦੇ ਬੈਂਚ ਨੇ ਕੀਤੀ। ਸਰਕਾਰ ਨੇ ਭਾਵੇਂ ਅਦਾਲਤ ਵਿਚ ਸਹੁੰ ਪੱਤਰ ਪੇਸ਼ ਕੀਤਾ ਪਰ ਉਹ ਸਪੱਸ਼ਟ ਨਹੀਂ ਹੈ। ਇਹ ਜ਼ਿਕਰ ਨਹੀਂ ਕਿ ਗੌਰੀ ਕੁੰਡ ਵਿਚ ਨਹਾਉਣ ਦੀ ਆਗਿਆ ਹੈ ਜਾਂ ਨਹੀਂ। ਤਿੰਨ ਜ਼ਿਲਿ੍ਹਆਂ ਦੇ ਲੋਕਾਂ ਨੂੰ ਯਾਤਰਾ ਦੀ ਆਗਿਆ ਦੇ ਨਾਲ ਹੋਰ ਲੋਕ ਲਿਖਣਾ ਵੀ ਸ਼ਸ਼ੋਪੰਜ ਵਿਚ ਪਾਉਂਦਾ ਹੈ।