ਨਵੀਂ ਦਿੱਲੀ : ਜੰਮੂ ਕਸ਼ਮੀਰ ਵਿਚ ਪਿਛਲੇ 72 ਘੰਟਿਆਂ ਦੌਰਾਨ ਏਅਰਫ਼ੋਰਸ ਸਟੇਸ਼ਨ ’ਤੇ ਹੋਏ ਡਰੋਨ ਹਮਲੇ ਅਤੇ ਦੂਜੀਆਂ ਅਤਿਵਾਦੀ ਗਤੀਵਿਧੀਆਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਚ ਪਧਰੀ ਮੀਟਿੰਗ ਬੁਲਾਈ। ਮੀਟਿੰਗ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰਖਿਆ ਮੰਤਰੀ ਰਾਜਨਾਥ ਸਿੰਘ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ ਮੌਜੂਦ ਸਨ। ਇਸ ਮੀਟਿੰਗ ਵਿਚ ਪ੍ਰਧਾਨ ਮੰਤਰੀ ਨੇ ਦੇਸ਼ ਦੀ ਡਰੋਨ ਨੀਤੀ ਬਾਰੇ ਚਰਚਾ ਕੀਤੀ। ਬੈਠਕ ਤੋਂ ਪਹਿਲਾਂ ਰਖਿਆ ਮੰਤਰੀ ਨੂੰ ਹਵਾਈ ਫ਼ੌਜ ਦੇ ਮੁਖੀ ਨੇ ਜਾਣਕਾਰੀ ਦਿਤੀ। ਸੂਤਰਾਂ ਮੁਤਾਬਕ ਇਸ ਬੈਠਕ ਵਿਚ ਰਖਿਆ ਖੇਤਰ ਵਿਚ ਭਵਿੱਖ ਦੀਆਂ ਚੁਨੌਤੀਆਂ ਅਤੇ ਸੁਰੱਖਿਆ ਬਲਾਂ ਨੂੰ ਆਧੁਨਿਕ ਉਪਕਰਨਾਂ ਨਾਲ ਲੈਸ ਕਰਨ ਬਾਰੇ ਵੀ ਗੱਲਬਾਤ ਹੋਈ। ਬੈਠਕ ਲਗਭਗ ਦੋ ਘੰਟਿਆਂ ਤਕ ਚੱਲੀ। ਉਕਤ ਚੁਨੌਤੀਆਂ ਨਾਲ ਸਿੱਝਣ ਲਈ ਹੋਰ ਵਧੇਰੇ ਨੌਜਵਾਨਾਂ, ਸਟਾਰਟਅੱਪ ਫ਼ਰਮਾਂ ਅਤੇ ਰਣਨੀਤਕ ਕਮਿਉਨਿਟੀ ਨੂੰ ਸ਼ਾਮਲ ਕਰਨ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਦੌਰਾਨ ਜੰਮੂ ਵਿਚ ਡਰੋਨ ਦੀਆਂ ਤਿੰਨ ਘਟਨਾਵਾਂ ਵਾਪਰ ਚੁਕੀਆਂ ਹਨ ਜਿਨ੍ਹਾਂ ਵਿਚ ਡਰੋਨ ਨਾਲ ਹਮਲਾ ਅਹਿਮ ਹੈ। ਮਾਹਰਾਂ ਦਾ ਕਹਿਣਾ ਹੈ ਕਿ ਡਰੋਨ ਨਾਲ ਪਹਿਲੀ ਵਾਰ ਅਤਿਵਾਦੀ ਹਮਲਾ ਕੀਤਾ ਗਿਆ ਹੈ ਜਿਸ ਕਾਰਨ ਸੁਰੱਖਿਆ ਏਜੰਸੀਆਂ ਦੇ ਕੰਨ ਖੜੇ ਹੋ ਗਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਅਜਿਤ ਡੋਭਾਲ ਨੇ ਪ੍ਰਧਾਨ ਮੰਤਰੀ ਨੂੰ ਡਰੋਨ ਹਮਲੇ ਅਤੇ ਇਸ ਦੇ ਸਿੱਟਿਆਂ ਬਾਬਤ ਵੀ ਜਾਣੂੰ ਕਰਾਇਆ। ਪ੍ਰਧਾਨ ਮੰਤਰੀ ਨੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਖ਼ਤਰੇ ਨਾਲ ਹੁਣ ਤੋਂ ਹੀ ਸਿੱਝਣ ਦੀ ਤਿਆਰੀ ਕਰਨਾ ਬਹੁਤ ਜ਼ਰੂਰੀ ਹੈ।