ਸ੍ਰੀਨਗਰ : ਜੰਮੂ ਕਸ਼ਮੀਰ ਦੀਆਂ ਜੁੜਵਾਂ ਰਾਜਧਾਨੀਆਂ ਸ੍ਰੀਨਗਰ ਅਤੇ ਜੰਮੂ ਵਿਚਾਲੇ ਹਰ ਛੇ ਮਹੀਨੇ ਮਗਰੋਂ ਹੋਣ ਵਾਲੇ ‘ਦਰਬਾਰ ਮੂਵ’ ਦੀ 149 ਸਾਲ ਪੁਰਾਣੀ ਪ੍ਰਥਾ ਆਖ਼ਰਕਾਰ ਖ਼ਤਮ ਹੋ ਗਈ ਹੈ। ਜੰਮੂ ਕਸ਼ਮੀਰ ਸਰਕਾਰ ਨੇ ਬੁਧਵਾਰ ਨੂੰ ਮੁਲਾਜ਼ਮਾਂ ਨੂੰ ਦਿਤੇ ਜਾਣ ਵਾਲੇ ਘਰਾਂ ਦੀ ਵੰਡ ਨੂੰ ਰੱਦ ਕਰ ਦਿਤਾ ਹੈ। ਅਫ਼ਸਰਾਂ ਨੂੰ ਅਗਲੇ 3 ਹਫ਼ਤੇ ਦੇ ਅੰਦਰ ਮਕਾਨ ਖ਼ਾਲੀ ਕਰਨ ਦਾ ਹੁਕਮ ਦਿਤਾ ਗਿਆ ਹੈ। ਉਪ ਰਾਜਪਾਲ ਮਨੋਜ ਸਿਨਹਾ ਨੇ 20 ਜੂਨ ਨੂੰ ਕਿਹਾ ਸੀ ਕਿ ਪ੍ਰਸ਼ਾਸਨ ਨੇ ਈ ਆਫ਼ਿਸ ਦਾ ਕੰਮ ਪੂਰਾ ਕਰ ਲਿਆ ਹੈ, ਇਸ ਲਈ ਦਫ਼ਤਰਾਂ ਦੇ ਸਾਲ ਵਿਚ ਦੋ ਵਾਰ ਹੋਣ ਵਾਲੇ ਦਰਬਾਰ ਮੂਵ ਦੀ ਪ੍ਰਥਾ ਨੂੰ ਜਾਰੀ ਰੱਖਣ ਦੀ ਕੋਈ ਲੋੜ ਨਹੀਂ ਹੈ। ਜੰਮੂ ਅਤੇ ਸ੍ਰੀਨਗਰ ਵਿਚ ਦਰਬਾਰ ਮੂਵ ਤਹਿਤ ਜਿਹੜੇ ਅਧਿਕਾਰੀਆਂ ਨੂੰ ਮਕਾਨ ਦਿਤੇ ਗਏ, ਉਨ੍ਹਾਂ ਨੂੰ ਤਿੰਨ ਹਫ਼ਤਿਆਂ ਅੰਦਰ ਖ਼ਾਲੀ ਕਰਨ ਲਈ ਕਿਹਾ ਗਿਆ ਹੈ। ਇਹ ਪ੍ਰਥਾ ਖ਼ਤਮ ਹੋਣ ਨਾਲ ਖ਼ਜ਼ਾਨੇ ਨੂੰ ਹਰ ਸਾਲ 200 ਕਰੋੜ ਰੁਪਏ ਦੀ ਬੱਚਤ ਹੋਵੇਗੀ। ਇਸ ਫ਼ੈਸਲੇ ਦੇ ਬਾਅਦ, ਸਰਕਾਰੀ ਦਫ਼ਤਰ ਹੁਣ ਜੰਮੂ ਅਤੇ ਸ੍ਰੀਨਗਰ ਦੋਹਾਂ ਥਾਵਾਂ ’ਤੇ ਆਮ ਰੂਪ ਵਿਚ ਕੰਮ ਕਰ ਸਕਣਗੇ। ਰਾਜਭਵਨ, ਸਕੱਤਰੇਤ, ਸਾਰੇ ਪ੍ਰਮੁੱਖ ਵਿਭਾਗ ਅਤੇ ਦਫ਼ਤਰ ਪਹਿਲਾਂ ਦਰਬਾਰ ਮੂਵ ਤਹਿਤ ਜੰਮੂ ਅਤੇ ਸ੍ਰੀਨਗਰ ਵਿਚਾਲੇ ਸਰਦੀ ਅਤੇ ਗਰਮੀ ਦੇ ਮੌਸਮ ਅਨੁਸਾਰ ਤਬਦੀਲ ਹੁੰਦੇ ਰਹਿੰਦੇ ਸਨ। ਮੌਸਮ ਬਦਲਣ ਨਾਲ ਹਰ ਛੇ ਮਹੀਨੇ ਵਿਚ ਜੰਮੂ ਕਸ਼ਮੀਰ ਦੀ ਰਾਜਧਾਨੀ ਵੀ ਬਦਲ ਜਾਂਦੀ ਹੈ। ਰਾਜਧਾਨੀ ਸਿਫ਼ਟ ਹੋਣ ਦੀ ਇਸ ਪ੍ਰਕ੍ਰਿਆ ਨੂੰ ਦਰਬਾਰ ਮੂਵ ਦੇ ਨਾਲ ਨਾਲ ਜਾਣਿਆ ਜਾਂਦਾ ਹੈ ਯਾਨੀ ਛੇ ਮਹੀਨੇ ਰਾਜਧਾਨੀ ਸ੍ਰੀਨਗਰ ਵਿਚ ਰਹਿੰਦੀ ਹੈ ਅਤੇ ਛੇ ਮਹੀਨੇ ਜੰਮੂ ਵਿਚ। ਇਹ ਰਵਾਇਤ 1862 ਵਿਚ ਡੋਗਰਾ ਸ਼ਾਸਕ ਗੁਲਾਬ ਸਿੰਘ ਨੇ ਸ਼ੁਰੂ ਕੀਤੀ ਸੀ। ਉਹ ਮਹਾਰਾਜਾ ਹਰੀ ਸਿੰਘ ਦੇ ਖ਼ਾਨਦਾਨ ਵਿਚੋਂ ਸਨ ਜਿਨ੍ਹਾਂ ਦੇ ਸਮੇਂ ਹੀ ਜੰਮੂ ਕਸ਼ਮੀਰ ਪਾਤਰ ਦਾ ਅੰਗ ਬਣਿਆ ਸੀ।