12 ਸਾਲਾਂ ਬੱਚੀ ਨੇ ਪੜਾਈ ਜਾਰੀ ਰੱਖਣ ਲਈ ਵੇਚਣੇ ਸ਼ੁਰੂ ਕੀਤੇ ਸਨ ਅੰਬ
ਜਮਸ਼ੇਦਪੁਰ : ਮਾਸੂਮੀਅਤ ਅੱਗੇ ਇਕ ਕਰੋੜਪਤੀ ਦਾ ਮਨ ਇਸ ਤਰ੍ਹਾਂ ਪਿੰਘਲ ਗਿਆ ਕਿ ਉਸ ਨੇ ਇਕ ਬੱਚੀ ਦੀ ਰੱਜ ਕੇ ਮਦਦ ਕੀਤੀ। ਦਰਅਸਲ ਆਪਣੀ ਪੜ੍ਹਾਈ ਜਾਰੀ ਰੱਖਣ ਦੇ ਉਦੇਸ਼ ਨਾਲ ਪੈਸੇ ਇੱਕਠੇ ਕਰਨ ਲਈ ਜਮਸ਼ੇਦਪੁਰ ਦੀ 12 ਸਾਲਾ ਤੁਲਸੀ ਨੇ ਅੰਬ ਵੇਚਣੇ ਸ਼ੁਰੂ ਕੀਤੇ। ਮਿਹਨਤ ਦਾ ਮੁੱਲ ਉਦੋਂ ਪਿਆ ਜਦੋਂ ਉਸਦੇ 12 ਅੰਬ 1 ਲੱਖ 20 ਹਜ਼ਾਰ ‘ਚ ਵਿਕੇ। ਮੁੰਬਈ ਸਥਿਤ ਕੰਪਨੀ ਵੈਲਿਊਏਬਲ ਐਜੂਟੇਨਮੈਂਟ ਪ੍ਰਾਈਵੇਟ ਲਿਮਟਿਡ ਦੇ ਐੱਮਡੀ ਅਮਯ ਹੇਟੇ ਤਕ ਉਸ ਦੀ ਆਵਾਜ਼ ਪਹੁੰਚੀ ਤਾਂ ਹੇਟੇ ਨੇ ਤੁਲਸੀ ਦੇ 1,20,000 ਰੁਪਏ ‘ਚ 12 ਅੰਬ ਖਰੀਦ ਲਏ। ਇਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਤੁਲਸੀ ਕੁਮਾਰ ਨੇ ਕਿਹਾ ਕਿ ਲਾਕਡਾਊਨ ਦੌਰਾਨ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਹਾਲਾਤ ਖ਼ਰਾਬ ਹੋ ਗਏ ਸਨ। ਉਸ ਕੋਲ ਆਨਲਾਈਨ ਜਮਾਤਾਂ ‘ਚ ਹਿੱਸਾ ਲੈਣ ਲਈ ਸਮਾਰਟਫੋਨ ਖਰੀਦਣ ਦਾ ਕੋਈ ਸਾਧਨ ਨਹੀਂ ਸੀ। ਤੁਲਸੀ ਨੇ ਕਿਹਾ ਕਿ ਮੈਂ ਇਕ ਸਮਾਰਟਫੋਨ ਖਰੀਦਣਾ ਚਾਹੁੰਦੀ ਸੀ ਪਰ ਅੰਬ ਵੇਚਣ ਨਾਲ ਜੋ ਕੁਝ ਵੀ ਕਮਾਇਆ ਉਹ ਪਰਿਵਾਰ ਲਈ ਰਾਸ਼ਨ ਖਰੀਦਣ ‘ਚ ਲੱਗ ਗਿਆ। ਫਿਰ ਇਕ ਸਰ ਨੇ ਮੈਨੂੰ 1,20,000 ‘ਚ 12 ਅੰਬ ਖਰੀਦੇ। ਉਨ੍ਹਾਂ ਨੇ ਮੈਨੂੰ ਇਕ ਫ਼ੋਨ ਵੀ ਦਿੱਤਾ।
ਨਾਲ ਹੀ ਉਸ ‘ਚ ਦੋ ਸਾਲ ਤਕ ਲਈ ਇੰਟਰਨੈੱਟ ਪੈਕ ਵੀ ਪੁਆ ਕੇ ਦਿੱਤਾ ਹੈ। ਹੇਟੇ ਅਨੁਸਾਰ, ਉਨ੍ਹਾਂ ਨੂੰ ਇਕ ਪੱਤਰਕਾਰ ਦੇ ਸੋਸ਼ਲ ਮੀਡੀਆ ਪੋਸਟ ਰਾਹੀਂ ਤੁਲਸੀ ਬਾਰੇ ਪਤਾ ਲੱਗਿਆ ਅਤੇ ਉਨ੍ਹਾਂ ਨੇ ਉਸ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ। ਤੁਲਸੀ ਦੀ ਮਾਂ ਨੇ ਵੀ ਆਪਣੀ ਧੀ ਦੀ ਸਿੱਖਿਆ ਦੇ ਪ੍ਰਤੀ ਜਨੂੰਨ ਨੂੰ ਅੱਗੇ ਵਧਾਉਣ ਲਈ ਹੇਟੇ ਦਾ ਆਭਾਰ ਜ਼ਾਹਰ ਕੀਤਾ।