ਨਵੀਂ ਦਿੱਲੀ: ਪੂਰੇ ਦੇਸ਼ ਵਿਚ ਅਤਿ ਦੀ ਗਰਮੀ ਪੈ ਰਹੀ ਹੈ ਇਸ ਲਈ ਹਾਲ ਦੀ ਘੜੀ ਪੰਜਾਬ-ਹਰਿਆਣਾ ਵਾਸੀਆਂ ਨੂੰ ਗਰਮੀ ਹਾਲੇ ਹੋਰ ਤੜਫਾਏਗੀ। ਮਾਨਸੂਨ ਦੂਰ ਹੋਣ ਕਾਰਨ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਭਾਰਤੀ ਮੌਸਮ ਵਿਭਾਗ ਅੱਜ ਲੂ ਚੱਲਣ ਦੇ ਆਸਾਰ ਹਨ। ਆਮ ਤੌਰ ਉਤੇ ਪੰਜਾਬ ਹਰਿਆਣਾ ਵਿਚ ਮਾਨਸੂਨ ਦਿੱਲੀ ਵਲੋਂ ਹੀ ਆਉਂਦਾ ਹੈ ਪਰ ਹਾਲੇ ਮੌਨਸੂਨ ਨੂੰ ਦਿੱਲੀ ਪਹੁੰਚਣ ਵਿਚ ਘੱਟੋ ਘੱਟ ਇੱਕ ਹਫਤਾ ਲੱਗ ਜਾਵੇਗਾ ਉਸ ਮਗਰੋਂ ਹੀ ਹਰਿਆਣਾ ਅਤੇ ਪੰਜਾਬ ਵਿਚ ਬਰਸਾਤ ਹੋ ਸਕਦੀ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਗਰਮੀ ਦਾ ਪ੍ਰਕੋਪ ਸਿਰਫ ਦਿੱਲੀ-ਐਨਸੀਆਰ ਤੱਕ ਸੀਮਿਤ ਨਹੀਂ ਹੈ। ਇਸਦਾ ਅਸਰ ਪੰਜਾਬ ਅਤੇ ਹਰਿਆਣਾ, ਰਾਜਸਥਾਨ ਅਤੇ ਇਥੋਂ ਤਕ ਕਿ ਜੰਮੂ ਵਿੱਚ ਵੀ ਵੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕਈ ਸੂਬਿਆਂ ਵਿਚ ਅੱਜ ਬਰਸਾਤ ਹੋ ਸਕਦੀ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਬਿਹਾਰ, ਪੱਛਮੀ ਬੰਗਾਲ, ਸਿੱਕਮ ਸਮੇਤ ਉੱਤਰ-ਪੂਰਬ ਦੇ ਕਈ ਸੂਬਿਆਂ ਵਿੱਚ ਕਈ ਥਾਂਵਾਂ 'ਤੇ ਭਾਰੀ ਬਾਰਸ਼ ਹੋ ਸਕਦੀ ਹੈ। ਦੂਜੇ ਪਾਸੇ ਪੂਰਬੀ ਉੱਤਰ ਪ੍ਰਦੇਸ਼, ਉਤਰਾਖੰਡ ਵਿੱਚ ਵੀ ਭਾਰੀ ਬਾਰਸ਼ ਵੇਖੀ ਜਾ ਸਕਦੀ ਹੈ। ਇਥੇ ਦਸ ਦਈਏ ਕਿ ਪੂਰੇ ਦੇਸ਼ ਨਾਲੋਂ ਬੁੱਧਵਾਰ ਨੂੰ ਇਸ ਸੀਜ਼ਨ ਦਾ ਸਭ ਤੋਂ ਗਰਮ ਦਿਨ ਜੰਮੂ ਵਿੱਚ ਮਹਿਸੂਸ ਕੀਤਾ ਗਿਆ। ਇੱਥੇ ਵੱਧ ਤੋਂ ਵੱਧ ਤਾਪਮਾਨ 42.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਘੱਟੋ ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਸ਼ੁੱਕਰਵਾਰ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਇਸ ਦਿਨ ਤਾਪਮਾਨ ਵਿਚ ਥੋੜੀ ਜਿਹੀ ਗਿਰਾਵਟ ਵੇਖੀ ਜਾ ਸਕਦੀ ਹੈ।