ਪੁਣੇ : ਡਾਕਟਰ ਦਿਵਸ ਮੌਕੇ ਜਿਥੇ ਲੋਕ ਡਾਕਟਰਾਂ ਨੂੰ ਵਧਾਈਆਂ ਦੇ ਰਹੇ ਸਨ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰ ਰਹੇ ਸਨ, ਉਥੇ ਮਹਾਰਾਸ਼ਟਰ ਦੇ ਪੁਣੇ ਸ਼ਹਿਰ ਵਿਚ ਇਕ ਡਾਕਟਰ ਜੋੜੇ ਨੇ ਡਾਕਟਰ ਦਿਵਸ ਮੌਕੇ ਮੌਤ ਨੂੰ ਗਲ ਨਾਲ ਲਾ ਲਿਆ। ਦਿਲ ਨੂੰ ਦਹਿਲਾ ਦੇਣ ਵਾਲੀ ਇਹ ਘਟਨਾ ਪੁਣੇ ਦੇ ਵਾਨਵਾੜੀ ਇਲਾਕੇ ਦੀ ਹੈ। ਇਸ ਡਾਕਟਰ ਜੋੜੇ ਨੇ ਪਰਵਾਰਕ ਝਗੜੇ ਕਾਰਨ ਫਾਂਸੀ ਲਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਜੋੜੇ ਦਾ ਨਾਮ ਡਾ. ਨਿਖਿਲ ਸ਼ੇਂਡਕਰ ਅਤੇ ਡਾ. ਅੰਕਿਤਾ ਸ਼ੇਂਡਕਰ ਦਸਿਆ ਜਾ ਰਿਹਾ ਹੈ। ਪੁਣੇ ਪੁਲਿਸ ਫ਼ਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਢਲੀ ਜਾਣਕਾਰੀ ਮੁਤਾਬਕ ਬੁਧਵਾਰ ਨੂੰ 26 ਸਾਲਾ ਅੰਕਿਤਾ ਨੇ ਕਰੀਬ ਰਾਤ ਅੱਠ ਵਜੇ ਖ਼ੁਦਕੁਸ਼ੀ ਕੀਤੀ ਸੀ, ਉਸ ਨੂੰ ਸਸੂਨ ਹਸਪਤਾਲ ਲਿਜਾਇਆ ਗਿਆ ਸੀ ਪਰ ਉਸ ਦੀ ਜਾਨ ਨਹੀਂ ਬਚ ਸਕੀ। ਇਸ ਦੇ ਬਾਅਦ ਵੀਰਵਾਰ ਸਵੇਰੇ 7 ਵਜੇ ਨਿਖਿਲ ਨੇ ਵੀ ਖ਼ੁਦਕੁਸ਼ੀ ਕਰ ਲਈ। ਦੋਹਾਂ ਨੇ ਇਹ ਕਦਮ ਕਿਉਂ ਚੁਕਿਆ, ਇਸ ਬਾਬਤ ਜਾਣਕਾਰੀ ਪ੍ਰਾਪਤ ਨਹੀਂ ਹੋਈ। ਇਹ ਵੀ ਪਤਾ ਲੱਗਾ ਹੈ ਕਿ ਦੋਹਾਂ ਵਿਚਾਲੇ ਬਹਿਸ ਹੋਈ ਸੀ ਜਿਸ ਕਾਰਨ ਪਹਿਲਾ ਅੰਕਿਤਾ ਨੇ ਖ਼ੁਦਕੁਸ਼ੀ ਕਰ ਲਈ। ਅੰਕਿਤਾ ਦੀ ਲਾਸ਼ ਰਾਤ ਨੂੰ ਬੈਡਰੂਮ ਵਿਚ ਲਟਕਦੀ ਮਿਲੀ।