ਚੰਡੀਗੜ੍ਹ : ਦੋ ਦਿਨ ਪਹਿਲਾਂ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਫਿਰ ਖੁਲ੍ਹ ਕੇ ਕੈਪਟਨ ਅਮਰਿੰਦਰ ਸਿੰਘ ਵਿਰੁਧ ਬੋਲਣ ਲੱਗ ਗਏ ਹਨ। ਇਸ ਵਾਰ ਮੁੱਦਾ ਪੰਜਾਬ ਵਿਚ ਮਹਿੰਗੀ ਹੋਈ ਬਿਜਲੀ ਅਤੇ ਪਾਵਰ ਕੱਟਾਂ ਦਾ ਹੈ। ਸਿੱਧੂ ਨੇ ਅੱਜ ਕਈ ਟਵੀਟ ਕੀਤੇ ਅਤੇ ਕਿਹਾ ਕਿ ਜੇ ਪੰਜਾਬ ਦੇ ਮੁੱਖ ਮੰਤਰੀ ਸਹੀ ਦਿਸ਼ਾ ਵਿਚ ਚੱਲਣ ਤਾਂ ਬਿਜਲੀ ਕਟੌਤੀ ਦੀ ਲੋੜ ਹੀ ਨਹੀਂ ਪਵੇਗੀ। ਸਿੱਧੂ ਨੇ 9 ਟਿਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਬਿਜਲੀ ਦਰਾਂ, ਬਿਜਲੀ ਖ਼ਰੀਦਣ ਦਾ ਸਮਝੌਤਾ ਅਤੇ ਪੰਜਾਬ ਦੇ ਲੋਕਾਂ ਨੂੰ 24 ਘੰਟੇ ਮੁਫ਼ਤ ਬਿਜਲੀ ਦਿਤੇ ਜਾਣ ਦਾ ਸੱਚ ਜਾਣੋ। ਜੇ ਅਸੀਂ ਸਹੀ ਦਿਸ਼ਾ ਵਿਚ ਕਦਮ ਚੁੱਕੀਏ ਤਾਂ ਮੁੱਖ ਮੰਤਰੀ ਨੂੰ ਪੰਜਾਬ ਵਿਚ ਬਿਜਲੀ ਕਟੌਤੀ, ਦਫ਼ਤਰਾਂ ਦਾ ਸਮਾਂ ਘਟਾਉਣ ਅਤੇ ਆਮ ਆਦਮੀ ਦੇ ਏਸੀ ਦੀ ਵਰਤੋਂ ਸਬੰਧੀ ਨਿਯਮ ਬਣਾਉਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਵਰ ਪਰਚੇਜ਼ ਕਾਸਟ-ਪੰਜਾਬ ਇਕ ਯੂਨਿਟ 4.54 ਰੁਪਏ ਵਿਚ ਖ਼ਰੀਦ ਰਿਹਾ ਹੈ। ਨੈਸ਼ਨਲ ਐਵਰਜੇ 3.85 ਰੁਪਏ ਯੂਨਿਟ ਦੀ ਹੈ ਅਤੇ ਚੰਡੀਗੜ੍ਹ ਇਕ ਯੂਨਿਟ ਬਿਜਲੀ 3.44 ਰੁਪਏ ਵਿਚ ਖ਼ਰੀਦ ਰਿਹਾ ਹੈ। ਪੰਜਾਬ 3 ਪ੍ਰਾਈਵੇਟ ਥਰਮਲ ਪਲਾਂਟ ’ਤੇ ਲੋੜੋਂ ਵੱਧ ਨਿਰਭਰ ਹੈ। ਇਕ ਯੂਨਿਟ ਦ 5-8 ਰੁਪਏ ਦੇਣ ਵਾਲਾ ਪੰਜਾਬ ਦੂਜੇ ਰਾਜਾਂ ਤੋਂ ਜ਼ਿਆਦਾ ਕੀਮਤ ਤਾਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਨੇ ਪੰਜਾਬ ਦੇ ਤਿੰਨ ਨਿਜੀ ਥਰਮਲ ਪਲਾਂਟਾਂ ਨਾਲ ਸਮਝੌਤੇ ਕੀਤੇ ਸਨ ਜਿਨ੍ਹਾਂ ਦੀਆਂ ਗ਼ਲਤ ਸ਼ਰਤਾਂ ਕਾਰਨ ਪੰਜਾਬ ਉਂਜ ਹੀ 2020 ਤਕ 5400 ਕਰੋੜ ਰੁਪਏ ਦੇ ਚੁੱਕਾ ਹੈ ਅਤੇ ਫ਼ਿਕਸ ਚਾਰਜ ਦੀ ਸ਼ਕਲ ਵਿਚ ਹਾਲੇ ਪੰਜਾਬ ਦੀ ਜਨਤਾ ਦੇ ਪੈਸਿਆਂ ਤੋਂ 65 ਹਜ਼ਾਰ ਕਰੋੜ ਹੋਰ ਦਿਤੇ ਜਾਣ ਦੀ ਉਮੀਦ ਹੈ। ਸਿੱਧੂ ਨੇ ਅੱਗੇ ਕਿਹਾ ਕਿ ਪੰਜਾਬ ਨੈਸ਼ਨਲ ਗ੍ਰਿਡ ਤੋਂ ਕਿਫ਼ਾਇਤੀ ਦਰਾਂ ’ਤੇ ਬਿਜਲੀ ਖ਼ਰੀਦ ਸਕਦਾ ਹੈ ਪਰ ਬਾਦਲ ਨੇ ਜਿਹੜੇ ਸਮਝੌਤਿਆਂ ’ਤੇ ਦਸਤਖ਼ਤ ਕੀਤੇ, ਉਹ ਪੰਜਾਬ ਦੇ ਲੋਕਾਂ ਦੇ ਹਿਤਾਂ ਵਿਰੁਧ ਕੰਮ ਕਰ ਰਹੇ ਹਨ। ਹੋ ਸਕਦਾ ਹੈ ਕਿ ਪੰਜਾਬ ਇਨ੍ਹਾਂ ਸਮਝੌਤਿਆਂ ’ਤੇ ਮੁੜ ਡੀਲ ਨਾ ਕਰ ਸਕੇ, ਕਿਉਂਕਿ ਇਨ੍ਹਾਂ ਨੂੰ ਅਦਾਲਤਾਂ ਤੋਂ ਸੁਰੱਖਿਆ ਮਿਲੀ ਹੋਈ ਹੈ।