ਜੇਲ੍ਹ ਤੋਂ ਬਾਹਰ ਆਉਣ ਮਗਰੋਂ ਹੁਣ ਕੀ ਕਰਨਗੇ ਓਮ ਪ੍ਰਕਾਸ਼ ਚੌਟਾਲਾ
ਹਰਿਆਣਾ : ਓਮ ਪ੍ਰਕਸ਼ ਚੌਟਾਲਾ ਨੇ ਹਾਲੇ 6 ਮਹੀਨੇ ਹੋਰ ਜੇਲ ਵਿਚ ਰਹਿਣਾ ਸੀ ਪਰ ਦਿੱਲੀ ਸਰਕਾਰ ਨੇ ਇੱਕ ਆਰਡਰ ਪਾਸ ਕਰਨ ਕਾਰਨ ਉਨ੍ਹਾਂ ਨੂੰ ਛੇਤੀ ਰਿਹਾਈ ਮਿਲੀ ਸੀ। ਦਿੱਲੀ ਸਰਕਾਰ ਨੇ ਉਨ੍ਹਾਂ ਲੋਕਾਂ ਨੂੰ 6 ਮਹੀਨੇ ਦੀ ਸਜ਼ਾ ਵਿੱਚ ਰਿਆਇਤ ਦਿੱਤੀ ਸੀ ਜਿਨ੍ਹਾਂ ਨੇ ਸਾਢੇ 9 ਸਾਲ ਜੇਲ੍ਹ ਵਿੱਚ ਕੱਟੇ ਹੋਣ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਰਿਹਾਅ ਤਾਂ ਹੋ ਗਏ ਹਨ ਪਰ ਹੁਣ ਉਹ ਆਪਣੀ ਸਿਆਸਤ ਨੂੰ ਸਰਗਰਮ ਕਰਨ ਲਈ ਕੀ ਕਰ ਸਕਦੇ ਹਨ ਕਿਉਂ ਕਿ ਚੋਣ ਕਮਿਸ਼ਨ ਅਨੁਸਾਰ ਜਿਸ ਨੇ ਜੇਲ੍ਹ ਕੱਟੀ ਹੋਵੇ ਉਹ 6 ਸਾਲ ਤਕ ਕੋਈ ਚੋਣ ਲੜ ਨਹੀਂ ਸਕਦਾ। ਹੁਣ ਓਮ ਪ੍ਰਕਾਸ਼ ਚੌਟਾਲਾ ਦੇ ਜੇਲ੍ਹ ਤੋਂ ਬਾਹਰ ਹੋਣ ਤੋਂ ਬਾਅਦ ਪਹਿਲਾ ਕੰਮ ਇਨੈਲੋ ਵਿੱਚ ਜਾਨ ਫੂਕਣ ਦਾ ਹੀ ਹੋਵੇਗਾ। ਓ ਪੀ ਚੌਟਾਲਾ ਹੁਣ ਪੂਰੇ ਹਰਿਆਣਾ ਦਾ ਦੌਰਾ ਕਰਨਗੇ ਤੇ ਨਾਲ ਹੀ ਕੋਸ਼ਿਸ਼ ਕਰਨਗੇ ਕਿ ਪੁਰਾਣੇ ਲਿੰਕ ਦੁਬਾਰਾ ਸਰਗਰਮ ਕੀਤੇ ਜਾਣ। ਐਲਨਾਬਾਦ ਉਹ ਸੀਟ ਹੈ ਜੋ ਚੌਟਾਲਾ ਦੇ ਪੁੱਤਰ ਅਭੇ ਚੌਟਾਲਾ ਵੱਲੋਂ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਛੱਡਣ ਤੋਂ ਖਾਲ੍ਹੀ ਹੋਈ ਹੈ, ਅਤੇ ਹੁਣ ਇਥੇ ਜਿਮਨੀ ਚੋਣ ਹੋਵੇਗੀ । ਆਉਂਦੇ 3-4 ਮਹੀਨਿਆਂ ਵਿੱਚ ਇੱਥੇ ਚੋਣਾਂ ਹੋਣਗੀਆਂ ਅਤੇ ਓਮ ਪ੍ਰਕਾਸ਼ ਚੌਟਾਲਾ ਵੱਲੋਂ ਇੱਥੋਂ ਚੋਣ ਲੜਨ ਦੀ ਕੋਸ਼ਿਸ਼ ਰਹੇਗੀ। ਹਾਲਾਂਕਿ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ ਸਜ਼ਾ ਕੱਟ ਕੇ ਆਏ ਸ਼ਖ਼ਸ ਵੱਲੋਂ 6 ਸਾਲ ਪੂਰੇ ਹੋਣ ਤੋਂ ਬਾਅਦ ਹੀ ਚੋਣ ਲੜੀ ਜਾ ਸਕਦੀ ਹੈ ਪਰ ਇਸ ਬਾਬਤ ਓ ਪੀ ਚੌਟਾਲਾ ਚੋਣ ਕਮਿਸ਼ਨ ਤੋਂ ਇਜਾਜ਼ਤ ਮੰਗ ਸਕਦੇ ਹਨ। ਕਿਸਾਨ ਅੰਦੋਲਨ ਨੇ ਹਰਿਆਣਾ ਦੀ ਸਿਆਸੀ ਜ਼ਮੀਨ ਵਿੱਚ ਲੰਘੇ ਸਮੇਂ ਵਿੱਚ ਬਦਲਾਅ ਲਿਆਂਦੇ ਹਨ, ਚੌਟਾਲਾ ਸ਼ੁਰੂ ਤੋਂ ਹੀ ਕਿਸਾਨੀ ਮੁੱਦਿਆਂ ਨਾਲ ਜੁੜੇ ਰਹੇ ਹਨ, ਅਜਿਹੇ ਵਿੱਚ ਇਨੈਲੋ ਦਾ ਭਵਿੱਖ ਵੀ ਅਹਿਮ ਹੋਵੇਗਾ। ਇਥੇ ਦਸ ਦਈਏ ਕਿ ਸਾਲ 2000 ਵਿੱਚ ਗ਼ੈਰ-ਕਾਨੂੰਨੀ ਤਰੀਕੇ ਨਾਲ 3206 ਜੂਨੀਅਰ ਬੇਸਿਕ ਟੀਚਰਾਂ (JBT) ਦੀ ਭਰਤੀ ਮਾਮਲੇ ਵਿੱਚ ਅਦਾਲਤ ਨੇ ਚੌਟਾਲਾ, ਉਨ੍ਹਾਂ ਦੇ ਪੁੱਤਰ ਅਜੇ ਚੌਟਾਲਾ ਤੇ ਆਈਏਐਸ ਅਧਿਕਾਰੀ ਸੰਜੀਵ ਕੁਮਾਰ ਸਣੇ 53 ਹੋਰਾਂ ਨੂੰ ਦੋਸ਼ੀ ਠਹਿਰਾਉਂਦੇ ਹੋਏ ਸਜ਼ਾ ਸੁਣਾਈ ਸੀ। ਨਵੰਬਰ, 1999 ਵਿੱਚ 3,206 ਜੂਨੀਅਰ ਬੇਸਿਕ ਟੀਚਰ (JBT) ਦੀ ਭਰਤੀ ਲਈ ਇਸ਼ਤਿਹਾਰ ਕੱਢੇ ਗਏ ਸਨ। 5 ਜੂਨ, 2003 ਨੂੰ ਹਰਿਆਣਾ ਦੇ ਆਈਏਐਸ ਅਫ਼ਸਰ ਸੰਜੀਵ ਕੁਮਾਰ ਸੂਬੇ ਵਿੱਚ 3,206 ਜੇਬੀਟੀ ਅਧਿਆਪਕਾਂ ਦੀ ਭਰਤੀ ਲਈ ਰਿਕਾਰਡ ਨਾਲ ਛੇੜਛਾੜ ਅਤੇ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਦੀ ਗੱਲ ਤਹਿਤ ਸੁਪਰੀਮ ਕੋਰਟ ਪਹੁੰਚੇ ਸਨ। 25 ਨਵੰਬਰ, 2003 ਨੂੰ ਸੁਪਰੀਮ ਕੋਰਟ ਨੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੇ ਹੁਕਮ ਦਿੱਤੇ ਸਨ। 12 ਦਸੰਬਰ, 2003 ਨੂੰ ਸੀਬੀਆਈ ਨੇ ਪ੍ਰਿਲੀਮਨਰੀ ਇਨਕੁਆਰੀ ਰਜਿਸਟਰ ਕਰ ਲਈ ਸੀ, 24 ਮਈ, 2004 ਨੂੰ ਸੀਬੀਆਈ ਨੇ IPC ਦੀਆਂ ਵੱਖ-ਵੱਖ ਧਾਰਾਵਾਂ ਅਤੇ ਭ੍ਰਿਸ਼ਟਾਚਾਰ ਐਕਟ ਅਧੀਨ 62 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਏ ਸਨ।