ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਬੀਤੀ ਸ਼ਾਮ ਹੋਈ ਬਾਰਸ਼ ਨੇ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਇਸ ਤੋਂ ਪਹਿਲਾਂ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲੀਆਂ। ਬੱਦਲਵਾਈ ਕਾਰਨ ਗਰਮੀ ਤੋਂ ਕੁਝ ਰਾਹਤ ਮਿਲੀ , ਪਰ ਜਦੋਂ ਬਾਰਸ਼ ਹੋਈ ਤਾਂ ਤਾਪਮਾਨ ਵਿਚ ਹੋਰ ਗਿਰਾਵਟ ਦਰਜ ਕੀਤੀ ਗਈ। ਬੀਤੇ ਕਲ ਸਵੇਰੇ ਦਿੱਲੀ ਵਿਚ ਮੌਸਮ ਸੁਹਾਵਣਾ ਰਿਹਾ ਕਿਉਂਕਿ ਘੱਟੋ ਘੱਟ ਤਾਪਮਾਨ 24.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ , ਜੋ ਇਸ ਮੌਸਮ ਵਿਚ ਆਮ ਨਾਲੋਂ ਚਾਰ ਡਿਗਰੀ ਘੱਟ ਹੈ। ਮੌਸਮ ਵਿਭਾਗ ਮੁਤਾਬਕ ਸਵੇਰੇ 8.30 ਵਜੇ ਨਮੀ ਦੀ ਅਨੁਪਾਤ 74 ਪ੍ਰਤੀਸ਼ਤ ਸੀ ਅਤੇ ਸ਼ਹਿਰ ਵਿੱਚ ਪਿਛਲੇ 24 ਘੰਟਿਆਂ ਦੌਰਾਨ 19 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ। ਨਾਲ ਹੀ ਮੌਸਮ ਵਿਭਾਗ ਨੇ ਕੁਝ ਹੱਦ ਤਕ ਬੱਦਲਵਾਈ ਅਤੇ ਅਸਮਾਨ ਦੇ ਨਾਲ ਹਲਕੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 41.3 ਡਿਗਰੀ ਸੈਲਸੀਅਸ ਰਿਹਾ ਜੋ ਕਿ ਇਸ ਮੌਸਮ ਵਿਚ ਆਮ ਨਾਲੋਂ ਪੰਜ ਡਿਗਰੀ ਵੱਧ ਹੈ , ਜਦੋਂਕਿ ਘੱਟੋ ਘੱਟ ਤਾਪਮਾਨ 27.2 ਡਿਗਰੀ ਸੈਲਸੀਅਸ ਸੀ ਜੋ ਇਸ ਮੌਸਮ ਵਿਚ ਆਮ ਨਾਲੋਂ ਇੱਕ ਡਿਗਰੀ ਘੱਟ ਹੈ। ਇਥੇ ਦਸ ਦਈਏ ਕਿ ਇਹ ਮਾਨਸੂਨ ਦੀ ਬਰਸਾਤ ਨਹੀਂ ਹੈ, ਇਸ ਨੂੰ ਪ੍ਰੀ ਮਾਨਸੂਨ ਕਿਹਾ ਜਾ ਸਕਦਾ ਹੈ ਕਿਉਂ ਕਿ ਮੌਸਮ ਵਿਭਾਗ ਅਨੁਸਾਰ ਹਾਲੇ ਮਾਨਸੂਨ ਆਉਣ ਵਿਚ ਹਫ਼ਤਾ ਹੋਰ ਲੱਗ ਸਕਦਾ ਹੈ ਅਤੇ ਇਸ ਮਗਰੋਂ ਹੀ ਪੰਜਾਬ ਅਤੇ ਹਰਿਆਣਾ ਨੂੰ ਵੀ ਗਰਮੀ ਤੋਂ ਰਾਹਤ ਮਿਲੇਗੀ।