ਨਵੀਂ ਦਿੱਲੀ: ਇਨ੍ਹੀਂ ਦਿਨੀਂ ਜੇ ਅਸੀਂ ਜੈਪੁਰ, ਚੰਡੀਗੜ੍ਹ, ਲਖਨਊ ਅਤੇ ਦਿੱਲੀ ਵਿਚ ਰਹਿ ਕੇ ਸਖ਼ਤ ਗਰਮੀ ਹੋਣ ਦੀ ਸ਼ਿਕਾਇਤ ਕਰ ਰਹੇ ਹਾਂ ਤਾਂ ਇਕ ਵਾਰ ਸਾਨੂੰ ਇਹ ਜ਼ਰੂਰ ਵੇਖਣਾ ਚਾਹੀਦਾ ਹੈ ਕਿ ਦੁਨੀਆਂ ਭਰ ਵਿਚ ਮੌਸਮ ਵਿਚ ਕਿਵੇਂ ਤਬਾਹੀ ਮਚੀ ਹੋਈ ਹੈ। ਜਿਸ ਦਿਨ ਕੈਨੇਡਾ ਵਿਚ ਪਹਿਲੀ ਵਾਰ ਪਾਰਾ 49.6 ਡਿਗਰੀ ਪੁੱਜਾ, ਗਰਮੀ ਨਾਲ ਲੋਕ ਚਲਦੇ-ਚਲਦੇ ਸੜਕਾਂ ’ਤੇ ਡਿੱਗਣ ਲੱਗੇ, ਉਸੇ ਦਿਨ ਨਿਊਜ਼ੀਲੈਂਡ ਵਿਚ ਏਨੀ ਬਰਫ਼ ਪਈ ਕਿ ਸੜਕਾਂ ਜਾਮ ਹੋ ਗਈਆਂ। ਧਰਤੀ ਦਾ ਤਾਪਮਾਨ ਬੀਤੇ 40 ਸਾਲਾਂ ਵਿਚ 400 ਡਿਗਰੀ ਵੱਧ ਗਿਆ ਹੈ। ਅਮਰੀਕਾ, ਯੂਰਪ, ਨਿਊਜ਼ੀਲੈਂਡ, ਅੰਟਾਰਕਟਿਕਾ, ਖਾੜੀ ਦੇ ਦੇਸ਼ਾਂ ਤੋਂ ਲੈ ਕੇ ਭਾਰਤ ਪਾਕਿਸਤਾਨ ਤਕ ਦੇ ਮੌਸਮ ਵਿਚ ਭਿਆਨਕ ਤਬਦੀਲੀ ਹੋ ਰਹੀ ਹੈ। ਇਸ ਨੂੰ ਐਕਸਟ੍ਰੀਮ ਵੈਦਰ ਕੰਡੀਸ਼ਨ ਕਿਹਾ ਜਾ ਰਿਹਾ ਹੈ ਜੋ ਦੁਨੀਆਂ ਦੀ ਤਬਾਹੀ ਵਲ ਇਸ਼ਾਰਾ ਕਰਦੀ ਹੈ। ਇਸ ਵਕਤ ਕੈਨੇਡਾ ਵਿਚ ਹੀਟ ਡੋਮ ਯਾਨੀ ਅਜਿਹੀ ਲੂ ਚੱਲ ਰਹੀ ਹੈ ਜਿਵੇਂ 10 ਹਜ਼ਾਰ ਸਾਲ ਵਿਚ ਸ਼ਾਇਦ ਇਕ ਵਾਰ ਦੇਸ਼ ਵਿਚ ਚਲਦੀ ਹੈ। ਇਸ ਕਾਰਨ ਜਿਸ ਕੈਨੇਡਾ ਵਿਚ ਔਸਤ ਤਾਪਮਾਨ 16.4 ਡਿਗਰੀ ਸੈਲਸੀਅਸ ਰਹਿੰਦਾ ਸੀ, ਉਥੋਂ ਦਾ ਪਾਰਾ 49.6 ਡਿਗਰੀ ਤਕ ਪਹੁੰਚ ਗਿਆ ਹੈ। ਇਸ ਤੌਂ ਪਹਿਲਾਂ 1937 ਵਿਚ ਦੇਸ਼ ਦਾ ਤਾਪਮਾਨ 45 ਡਿਗਰੀ ਤਕ ਪੁੱਜਾ ਸੀ। ਗਰਮੀ ਨਾਲ 400 ਲੋਕਾਂ ਦੇ ਮਰਨ ਦੀ ਖ਼ਬਰ ਹੈ। ਵਾਸ਼ਿੰਗਟਨ ਦੇ ਕਸ਼ਮੀਰ ਕਹੇ ਜਾਣ ਵਾਲੇ ਸਿਆਟਲ ਦਾ ਪਾਰਾ ਜੂਨ ਦੇ ਆਖ਼ਰੀ ਹਫ਼ਤੇ ਵਿਚ 44 ਡਿਗਰੀ ਤਕ ਪਹੁੰਚ ਗਿਆ। ਇਥੇ ਬੀਤੇ 100 ਸਾਲਾਂ ਵਿਚ ਅਜਿਹਾ ਨਹੀਂ ਹੋਇਆ। ਅਮਰੀਕਾ ਦੇ ਪ੍ਰਸ਼ਾਂਤ ਉਤਰ ਪਛਮੀ ਖੇਤਰ ਵਿਚ ਬਿਜਲੀ ਨਹੀਂ ਦਿਤੀ ਜਾ ਰਹੀ। ਦੋਵੇਂ ਜਗ੍ਹਾ ਲੂ ਅਤੇ ਗਰਮੀ ਏਨੀ ਜ਼ਿਆਦਾ ਹੈ ਕਿ ਪਾਵਰ ਸਪਲਾਈ ਕਰਨ ’ਤੇ ਅੱਗ ਲੱਗਣ ਦੇ ਆਸਾਰ ਵਧ ਜਾਂਦੇ ਹਨ। ਇਥੇ ਰਹਿਣ ਵਾਲੇ ਸਵਾ ਦੋ ਲੱਖ ਲੋਕ ਬਿਜਲੀ ਕਟੌਤੀ ਦਾ ਸਾਹਮਣਾ ਕਰ ਰਹੇ ਹਨ। ਜੂਨ ਦੇ ਆਖ਼ਰੀ ਹਫ਼ਤੇ ਨਿਊਜ਼ੀਲੈਂਡ ਵਿਚ ਭਿਆਨਕ ਠੰਢ ਨੇ ਕਹਿਰ ਮਚਾ ਦਿਤਾ। ਇਥੇ 8 ਇੰਚ ਤੋਂ ਜ਼ਿਆਦਾ ਬਰਫ਼ ਪਈ। 55 ਸਾਲ ਬਾਅਦ ਇਥੋਂ ਦਾ ਤਾਪਮਾਨ ਜੂਨ ਵਿਚ ਮਨਫ਼ੀ ਚਾਰ ਡਿਗਰੀ ਤਕ ਪਹੁੰਚ ਗਿਆ। ਸਮੁੰਦਰੀ ਕੰਢੇ 12 ਮੀਟਰ ਉਚੀਆਂ ਲਹਿਰਾਂ ਉਠ ਰਹੀਆਂ ਹਨ।