ਅੰਮ੍ਰਿਤਸਰ : ਸਮੇਂ ਦੇ ਬਦਲਣ ਦੇ ਨਾਲ ਨਾਲ ਠੱਗ ਵੀ ਆਪਣੇ ਤਰੀਕੇ ਬਦਲ ਰਹੇ ਹਨ ਅਤੇ ਲੋਕਾਂ ਨੂੰ ਆਪਣਾ ਸਿ਼ਕਾਰ ਬਣਾ ਰਹੇ ਹਨ। ਇਨ੍ਹਾਂ ਠੱਗਾਂ ਵਿੱਚ ਸਿਰਫ਼ ਆਦਮੀ ਹੀ ਨਹੀਂ ਸਗੋਂ ਕਈ ਔਰਤਾਂ ਵੀ ਸ਼ਾਮਲ ਹਨ ਜੋ ਨਕਲੀ ਕਸਟਮ ਅਫ਼ਸਰ ਬਣ ਕੇ ਵਿਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਨੂੰ ਠੱਗਣ ਦੇ ਯਤਨ ਕਰ ਰਹੀਆਂ ਹਨ। ਇਹ ਪਹਿਲਾਂ ਆਪਣੇ ਸਿ਼ਕਾਰ ਨੂੰ ਫ਼ੋਨ ਕਰ ਕੇ ਆਪਣੇ ਜਾਣ ਵਿਚ ਫਸਾਉਂਦੇ ਹਨ ਅਤੇ ਫਿਰ ਲੁੱਟ ਲੈਂਦੇ ਹਨ। ਹਾਲੇ ਕੁੱਝ ਦਿਨ ਪਹਿਲਾਂ ਹੀ ਅਜਿਹਾ ਮਾਮਲਾ ਮੁੰਬਈ ਵਿਖੇ ਸੁਨਣ ਨੂੰ ਮਿਲਿਆ ਸੀ ਅਤੇ ਹੁਣ ਅਜਿਹਾ ਹੀ ਇੱਕ ਠੱਗੀ ਦਾ ਮਾਮਲਾ ਅੰਮ੍ਰਿਤਸਰ ਦੇ ਰਹਿਣ ਵਾਲੇ ਇਕ ਯਾਤਰੀ ਨਾਲ ਵਾਪਰਿਆ, ਦਰਅਸਲ ਵਿਦੇਸ਼ ਤੋਂ ਆਏ ਯਾਤਰੀ ਰਮੇਸ਼ ਕੁਮਾਰ ਨੂੰ ਇਸ ਠੱਗ ਔਰਤ ਨੇ ਨਕਲੀ ਕਸਟਮ ਅਫਸਰ ਬਣ ਫੋਨ ਕੀਤਾ ਅਤੇ ਕਿਹਾ ਕਿ ਉਸ ਦਾ ਇਕ ਪਾਰਸਲ ਆਇਆ ਹੈ ਜਿਸ ਨੂੰ ਛੁਡਵਾਉਣ ਲਈ ਉਸਨੂੰ ਇਕ ਲੱਖ ਰੁਪਿਆ ਆਨਲਾਇਨ ਜਮਾਂ ਕਰਵਾਉਣਾ ਪਵੇਗਾ । ਇਸ ਨਕਲੀ ਕਸਟਮ ਅਫਸਰ ਨੇ ਵਟਸਐਪ ’ਤੇ ਯਾਤਰੀ ਨੂੰ ਆਪਣਾ ਸ਼ਨਾਖਤੀ ਕਾਰਡ, ਫੋਨ ਨੰਬਰ ਅਤੇ ਆਨਲਾਇਨ ਬੈਂਕ ਦਾ ਪਤਾ ਵੀ ਭੇਜ ਦਿੱਤਾ ।
ਇਸ ਠੱਗ ਔਰਤ ਨੇ ਕਿਹਾ ਕਿ ਪਾਰਸਲ ’ਚ 35 ਲੱਖ ਰੁਪਏ ਦੀ ਕੀਮਤ ਦੇ ਡਾਲਰ ਹਨ ਜਿਨ੍ਹਾਂ ਨੂੰ ਇਕ ਲੱਖ ਰੁਪਿਆ ਆਨਲਾਇਨ ਫੀਸ ਭਰ ਕੇ ਹੀ ਛੁਡਾਇਆ ਜਾ ਸਕਦਾ ਹੈ। ਇਸ ਸਬੰਧ ’ਚ ਜਦੋਂ ਯਾਤਰੀ ਨੇ ਅੰਮ੍ਰਿਤਸਰ ਏਅਰਪੋਰਟ ’ਤੇ ਤੈਨਾਤ ਕਸਟਮ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਸਾਰਾ ਕਿੱਸਾ ਸੁਣਾਇਆ ਤਾਂ ਕਸਟਮ ਵਿਭਾਗ ਨੇ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਦਾ ਕੰਮ ਕਸਟਮ ਵਿਭਾਗ ਨਹੀਂ ਕਰਦਾ ਹੈ। ਫਿਲਹਾਲ ਦਿੱਲੀ ਏਅਰਪੋਰਟ ’ਤੇ ਕਸਟਮ ਵਿਭਾਗ ਵੱਲੋਂ ਨਕਲੀ ਕਸਟਮ ਅਫਸਰ ਅਤੇ ਉਸਦੇ ਗਿਰੋਹ ਦੀ ਭਾਲ ਕੀਤੀ ਜਾ ਰਹੀ ਹੈ ।