ਚੰਗੀਗੜ੍ਹ: ਸੰਯੁਕਤ ਕਿਸਾਨ ਮੋਰਚੇ ਨੇ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ ਖਿਲਾਫ਼ 8 ਜੁਲਾਈ ਨੂੰ ਦੇਸ਼ਵਿਆਪੀ ਰੋਸ਼ ਮੁਜ਼ਾਹਰੇ ਦਾ ਸੱਦਾ ਦਿੱਤਾ ਹੈ। ਇਥੇ ਦਸ ਦਈਏ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਪਿਛਲੇ ਸਾਡੇ ਸੱਤ ਮਹੀਨਿਆਂ ਤੋਂ ਦਿੱਲੀ ਦੀ ਸਰਹੱਦ ਉਪਰ ਅੰਦੋਲਨ ਕਰ ਰਹੇ ਹਨ। ਕਿਸਾਨਾਂ ਦੇ ਇਸ ਸੰਘਰਸ਼ ਦਾ ਸਰਕਾਰ ਉਤੇ ਕੋਈ ਅਸਰ ਨਹੀਂ ਹੋ ਰਿਹਾ, ਉਪਰੋ ਕੇਂਦਰ ਸਰਕਾਰ ਰੋਜ਼ਾਨਾ ਤੇਲ ਅਤੇ ਗੈਸ ਦੀਆਂ ਕੀਮਤਾਂ ਵਧਾ ਰਹੀ ਹੈ। ਇਸੇ ਕਰ ਕੇ ਹੁਣ ਕਿਸਾਨਾਂ ਨੈ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ 8 ਜੁਲਾਈ ਨੂੰ ਲੋਕ ਆਪਣੇ ਆਪਣੇ ਵਾਹਨ, ਜਿਵੇਂ ਕਿ ਕਾਰਾਂ, ਮੋਟਰਸਾਈਕਲ ਆਦਿ ਲੈ ਕੇ ਸੜਕਾਂ ਉਪਰ ਆ ਜਾਣ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸਰਕਾਰ ਨੂੰ ਲੋਕਾਂ ਦੀ ਗੱਲ ਸੁਣਨੀ ਹੀ ਪਵੇਗੀ। ਦਰਅਸਲ ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਹੋਇਆ ਕਿਸਾਨ ਅੰਦੋਲਨ ਹੁਣ ਜਨ ਅੰਦੋਲਨ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ। ਕਿਸਾਨ ਦੂਜੇ ਵਰਗਾਂ ਦੇ ਲੋਕਾਂ ਨੂੰ ਵੀ ਨਾਲ ਜੋੜਨ ਲੱਗੇ ਹਨ ਜਿਸ ਨਾਲ ਸਰਕਾਰਾਂ ਲਈ ਵੱਡੀ ਮੁਸੀਬਤ ਖੜ੍ਹੀ ਹੋ ਸਕਦੀ ਹੈ। ਮੋਰਚੇ ਦੇ ਲੀਡਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਸ ਦਿਨ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਆਪਣੇ ਵਾਹਨਾਂ ਨੂੰ ਸੂਬਾਈ ਤੇ ਕੌਮੀ ਸ਼ਾਹਰਾਹਾਂ ’ਤੇ ਖੜ੍ਹਾ ਕੇ ਆਪਣਾ ਰੋਸ ਦਰਜ ਕਰਵਾਉਣ। ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਤੁਹਾਡੇ ਕੋਲ ਟਰੈਕਟਰ, ਟਰਾਲੀ, ਕਾਰ, ਸਕੂਟਰ ਜਾਂ ਫਿਰ ਕੋਈ ਵਾਹਨ ਹੋਵੇ, ਉਸ ਨੂੰ ਨੇੜਲੇ ਸੂਬਾਈ ਜਾਂ ਕੌਮੀ ਸ਼ਾਹਰਾਹ ’ਤੇ ਲਿਆ ਕੇ ਖੜ੍ਹਾਇਆ ਜਾਵੇ ਪਰ ਖਿਆਲ ਰੱਖਣਾ ਕਿ ਇਸ ਨਾਲ ਆਵਾਜਾਈ ’ਚ ਵਿਘਨ ਨਾ ਪਏ। ਉਨ੍ਹਾਂ ਧਰਨੇ ਪ੍ਰਦਰਸ਼ਨਾਂ ਵਾਲੀ ਥਾਂ ਰਸੋਈ ਗੈਸ ਸਿਲੰਡਰ ਲਿਆਉਣ ਲਈ ਵੀ ਕਿਹਾ ਹੈ।