ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਾਊਥ ਇਲਾਕੇ ਦੇ ਇਕ ਘਰ ਵਿਚ ਚੱਲ ਰਹੀ ਇਸ ਫੈਕਟਰੀ ਨੂੰ ਅਫ਼ਗਾਨਿਸਤਾਨ ਦੇ ਨਸ਼ਾ ਤਸਕਰਾਂ ਵੱਲੋਂ ਚਲਾਇਆ ਜਾ ਰਿਹਾ ਸੀ। ਪਿਛਲੇ ਦਿਨੀ ਪੰਜਾਬ ਪੁਲਿਸ ਦੇ ਹੱਥ ਕੁੱਝ ਤਸਕਰ ਲੱਗੇ ਸਨ। ਜਦੋਂ ਪੁਲਿਸ ਨੇ ਉਨ੍ਹਾਂ ਤੋਂ ਪੁਛਗਿਛ ਕੀਤੀ ਤਾਂ ਵੱਡਾ ਖੁਲਾਸਾ ਇਹੀ ਹੋਇਆ ਸੀ ਕਿ ਦਿੱਲੀ ਵਿਚ ਤਾਂ ਹੈਰੋਇਨ ਦੀ ਫੈਕਟਰੀ ਹੀ ਚਲ ਰਹੀ ਹੈ। ਅੱਜ ਪੰਜਾਬ ਪੁਲਿਸ ਨੇ ਉਥੇ ਪੁੱਜ ਕੇ ਛਾਪ ਮਾਰਿਆ ਤਾਂ ਫੈਕਟਰੀ ਵਿਚ ਤਿਆਰ ਕੀਤੀ ਗਈ 17 ਕਿੱਲੋ ਹੈਰੋਇਨ ਬਰਾਮਦ ਕਰ ਲਈ ਗਈ ਹੈ। ਉੱਥੇ ਹੀ ਹੈਰੋਇਨ ਬਣਾਉਣ ਲਈ ਇਸਤੇਮਾਲ ਕੀਤੇ ਜਾਣ ਵਾਲੇ ਕੈਮੀਕਲ ਅਤੇ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ ਹੈ। ਇਥੇ ਦਸ ਦਈਏ ਕਿ ਪਠਾਨਕੋਟ ਪੁਲਿਸ ਵੱਲੋਂ ਜੰਮੂ-ਕਸ਼ਮੀਰ ਦੇ ਆਦਮੀ ਨੂੰ ਹੈਰੋਇਨ ਤਸਕਰੀ ਦੇ ਮਾਮਲੇ ਵਿਚ ਕਾਬੂ ਕੀਤਾ ਗਿਆ ਸੀ ਜਿਸ ਰਾਹੀਂ ਹੀ ਇਹ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਪੁਲਿਸ ਨੇ ਮੁਲਜਮ ਤੋਂ ਕੀਤੀ ਪੁਛਗਿਛ ਮਗਰੋਂ ਪੂਰੀ ਰੇਕੀ ਕਰ ਕੇ ਅਤੇ ਸਕੀਮ ਬਣਾ ਕੇ ਇਸ ਕਾਰਵਾਈ ਨੂੰ ਅੰਜਾਮ ਦਿਤਾ ਅਤੇ ਸਫਲਤਾ ਹਾਸਲ ਕੀਤੀ। ਅੰਜ ਪੰਜਾਬ ਪੁਲਿਸ ਨੇ ਹੈਰੋਇਨ ਤਿਆਰ ਕਰਦੇ ਹੋਏ 4 ਅਫ਼ਗਾਨਿਸਤਾਨੀ ਨਾਗਰਿਕਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪਤਾ ਲੱਗਿਆ ਹੈ ਕਿ ਇਹ ਅਫ਼ਗਾਨੀ ਨਾਗਰਿਕ ਭਾਰਤ ਵਿਚ ਡਰਾਈ ਫਰੂਟਸ ਅਤੇ ਹੋਰ ਵਸਤਾਂ ਦਾ ਵਪਾਰ ਕਰਨ ਦੇ ਬਹਾਨੇ ਆਏ ਹੋਏ ਸਨ ਅਤੇ ਸਾਊਥ ਦਿੱਲੀ ਵਿਚ ਆਪਣੇ ਟਿਕਾਣੇ ਬਣਾ ਕੇ ਰਹਿ ਰਹੇ ਸਨ। ਮੁੱਢਲੀ ਜਾਂਚ ਵਿਚ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਇਸ ਅੰਤਰਰਾਸ਼ਟਰੀ ਡਰੱਗ ਨੈੱਟਵਰਕ ਨੇ ਕਸ਼ਮੀਰ ਤੋਂ ਲੈ ਕੇ ਮੁੰਬਈ ਤੱਕ ਆਪਣਾ ਨੈੱਟਵਰਕ ਵਿਛਾਇਆ ਹੋਇਆ ਹੈ ਅਤੇ ਸਾਊਥ ਦਿੱਲੀ ਦੀ ਫੈਕਟਰੀ ਵਿਚ ਤਿਆਰ ਕੀਤੀ ਜਾਂਦੀ ਹੈਰੋਇਨ ਨੂੰ ਆਪਣੇ ਗਰੋਹ ਰਾਹੀਂ ਸਾਰੇ ਵੱਡੇ ਸ਼ਹਿਰਾਂ ਵਿਚ ਡਿਮਾਂਡ ਮੁਤਾਬਕ ਸਪਲਾਈ ਕੀਤਾ ਜਾਂਦਾ ਸੀ।