ਚੰਡੀਗੜ੍ਹ : ਦੇਸ਼ ਸਣੇ ਪੰਜਾਬ ਵਿਚ ਵੀ ਅਤਿ ਦੀ ਪੈ ਰਹੀ ਗਰਮੀ ਕਾਰਨ ਲੋਕਾਂ ਦਾ ਜਿਉਣਾ ਔਖਾ ਹੋਇਆ ਪਿਆ ਹੈ ਅਤੇ ਉਪਰੋ ਬਿਜਲੀ ਸੰਕਟ ਵੀ ਵਧਦਾ ਜਾ ਰਿਹਾ ਹੈ। ਬੀਤੇ ਦਿਤਲ ਤਲਵੰਡੀ ਸਾਬੋ ਦਾ ਇਕ ਯੁਨਿਟ ਖਰਾਬੀ ਕਾਰਨ ਠੱਪ ਹੋ ਗਿਆ ਸੀ ਅਤੇ ਅੱਜ ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਦਾ ਯੂਨਿਟ ਵੀ ਠੱਪ ਹੋ ਗਿਆ ਹੈ। ਪਠਾਨਕੋਟ ਦੇ ਰਾਵੀ ਨਦੀ ‘ਤੇ ਰਣਜੀਤ ਸਾਗਰ ਡੈਮ ਦਾ ਪਾਣੀ ਦਾ ਪੱਧਰ ਘੱਟ ਹੋਣ ਕਾਰਨ ਪਣਬਿਜਲੀ ਪ੍ਰਾਜੈਕਟ ਦੀ ਇੱਕ ਯੂਨਿਟ ਨੂੰ ਬੰਦ ਕਰਨਾ ਪਿਆ ਹੈ। ਇਹ ਯੂਨਿਟ 150 ਮੈਗਾਵਾਟ ਬਿਜਲੀ ਪੈਦਾ ਕਰਦੀ ਹੈ।ਸ਼ਨੀਵਾਰ ਦੇਰ ਰਾਤ ਤਲਵੰਡੀ ਸਾਬੋ ਥਰਮਲ ਪਲਾਂਟ ਦੇ 660 ਮੈਗਾਵਾਟ ਦੇ ਯੂਨਿਟ ਵਿੱਚ ਤਕਨੀਕੀ ਨੁਕਸ ਕਾਰਨ ਬਿਜਲੀ ਉਤਪਾਦਨ ਰੁਕ ਗਿਆ ਸੀ, ਫਿਰ ਐਤਵਾਰ ਨੂੰ ਪਠਾਨਕੋਟ ਵਿੱਚ ਰਣਜੀਤ ਸਾਗਰ ਡੈਮ ਹਾਈਡਰੋਇਲੈਕਟ੍ਰਿਕ ਪ੍ਰਾਜੈਕਟ ਦੀ ਇੱਕ ਯੂਨਿਟ ਨੂੰ ਬੰਦ ਕਰਨਾ ਪਿਆ। ਰਾਜ ਵਿੱਚ ਬਿਜਲੀ ਦੀ ਮੰਗ ਵੱਧ ਕੇ 14142 ਮੈਗਾਵਾਟ ਹੋ ਗਈ ਹੈ, ਜਦਕਿ ਮੌਜੂਦਾ ਬਿਜਲੀ ਸਪਲਾਈ ਸਿਰਫ 12842 ਮੈਗਾਵਾਟ ਹੈ। ਇਸ ਦੌਰਾਨ ਇੱਕ ਵੱਡੇ ਕਦਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀਐਸਪੀਸੀਐਲ ਨੂੰ ਆਦੇਸ਼ ਦਿੱਤਾ ਹੈ ਕਿ ਉਹ ਕਿਸਾਨਾਂ ਨੂੰ ਘੱਟੋ ਘੱਟ ਅੱਠ ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ। ਇਥੇ ਦਸ ਦਈਏ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਦੇ 660 ਮੈਗਾਵਾਟ ਯੂਨਿਟ ਦੀ ਬਾਇਲਰ ਟਿਊਬ ਵਿੱਚ ਲੀਕ ਹੋਣ ਕਾਰਨ ਬੰਦ ਹੋ ਗਿਆ ਸੀ। ਪਾਵਰਕਾਮ ਦੇ ਅਧਿਕਾਰੀਆਂ ਨੇ ਕਿਹਾ ਕਿ ਪਲਾਂਟ ਨੂੰ ਸ਼ੁਰੂ ਕਰਨ ਲਈ ਤਿੰਨ ਦਿਨ ਲੱਗਣਗੇ। ਇਹ ਵੀ ਜਿਕਰਯੋਗ ਹੈ ਕਿ ਇਸੇ ਹੀ ਪਲਾਂਟ ਦੀ ਇੱਕ ਯੂਨਿਟ ਮਾਰਚ ਤੋਂ ਖਰਾਬ ਹੈ। ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਆਉਣ ਵਾਲੇ ਦਿਨਾਂ ਵਿਚ ਇਥੇ ਵੀ ਪਾਕਿਸਤਾਨ ਵਾਂਗੂੰ ਬਲੈਕ ਆਉਟ ਹੋ ਸਕਦਾ ਹੈ।