ਮੁੰਬਈ : ਭੀਮਾ ਕੋਰੇਗਾਉਂ ਹਿੰਸਾ ਮਾਮਲੇ ਵਿਚ ਗ੍ਰਿਫ਼ਤਾਰ ਕਾਰਕੁਨ ਫ਼ਾਦਰ ਸਟੇਨ ਸਵਾਮੀ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। 84 ਸਾਲਾ ਸਵਾਮੀ ਦੇ ਵਕੀਲ ਨੇ ਬੰਬੇ ਹਾਈ ਕੋਰਟ ਨੂੰ ਦਸਿਆ ਕਿ ਐਤਵਾਰ ਨੂੰ ਤਬੀਅਤ ਵਿਗੜਨ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰਖਿਆ ਗਿਆ। ਉਨ੍ਹਾਂ ਦੇ ਦਿਹਾਂਤ ’ਤੇ ਰਾਹੁਲ ਗਾਂਧੀ ਨੇ ਦੁੱਖ ਪ੍ਰਗਟਾਇਆ ਹੈ। ਉਕਤ ਕੇਸ ਵਿਚ ਕੌਮੀ ਜਾਂਚ ਏਜੰਸੀ ਨੇ ਦੋਸ਼ ਲਾਏ ਸਨ ਕਿ ਸਟੇਨ ਦੇ ਨਕਸਲੀਆਂ ਨਾਲ ਸਬੰਧਤ ਹਨ ਅਤੇ ਖ਼ਾਸ ਤੌਰ ’ਤੇ ਉਹ ਪਾਬੰਦੀਸ਼ੁਦਾ ਮਾਉਵਾਦੀ ਜਥੇਬੰਦੀ ਦੇ ਸੰਪਰਕ ਵਿਚ ਹਨ। ਉਹ ਅਕਤੂਬਰ 2020 ਤੋਂ ਮੁੰਬਈ ਦੀ ਤਲੋਜਾ ਜੇਲ ਵਿਚ ਬੰਦ ਸਨ ਅਤੇ ਲਗਾਤਾਰ ਉਨ੍ਹਾਂ ਦੀ ਸਿਹਤ ਵਿਗੜਦੀ ਜਾ ਰਹੀ ਸੀ। ਉਹ ਲਾਇਲਾਜ ਬੀਮਾਰੀ ਪਾਰਕਿਨਸਨ ਨਾਲ ਵੀ ਜੂਝ ਰਹੇ ਸਨ। ਪਿਛਲੇ ਮਹੀਨੇ ਐਨਆਈਏ ਨੇ ਸਟੇਨ ਨੂੰ ਜ਼ਮਾਨਤ ਦਿਤੇ ਜਾਣ ਦਾ ਵਿਰੋਧ ਕੀਤਾ ਸੀ। ਜਾਂਚ ਏਜੰਸੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਤਬੀਅਤ ਵਿਗੜਨ ਦਾ ਕੋਈ ਪੱਕਾ ਪ੍ਰਮਾਣ ਨਹੀਂ ਹੈ। ਉਹ ਮਾਉਵਾਦੀ ਹੈ ਅਤੇ ਉਸ ਨੇ ਦੇਸ਼ ਵਿਚ ਅਸਥਿਰਤਾ ਲਿਆਉਣ ਲਈ ਸਾਜ਼ਸ਼ ਰਚੀ ਹੈ। 31 ਦਸੰਬਰ 2017 ਨੂੰ ਪੁਣੇ ਲਾਗੇ ਭੀਮਾ ਕੋਰੇਗਾਉਂ ਵਿਚ ਵਾਪਰੀਆਂ ਹਿੰਸਕ ਘਟਨਾਵਾਂ ਦੇ ਮਾਮਲੇ ਵਿਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਏਜੰਸੀ ਨੇ ਕਿਹਾ ਸੀ ਕਿ ਇਸ ਘਟਨਾ ਤੋਂ ਪਹਿਲਾਂ ਐਲਗਾਰ ਪਰਿਸ਼ਦ ਦੀ ਸਭਾ ਹੋਈ ਸੀ ਜਿਸ ਵਿਚ ਸਟੇਨ ਨੇ ਭੜਕਾਊ ਭਾਸ਼ਨ ਦਿਤਾ ਸੀ ਤੇ ਉਸੇ ਕਾਰਨ ਹਿੰਸਾ ਭੜਕੀ। ਆਦਿਵਾਸੀ ਅਧਿਕਾਰਾਂ ਲਈ ਲੜਨ ਵਾਲੇ ਸਵਾਮੀ ਨੇ ਲਗਭਗ 5 ਦਹਾਕੇ ਤਕ ਝਾਰਖੰਡ ਵਿਚ ਕੰਮ ਕੀਤਾ ਸੀ। ਉਨ੍ਹਾਂ ਉਜਾੜੇ, ਜ਼ਮੀਨ ਕਬਜ਼ੇ ਜਿਹੇ ਮੁੱਦਿਆਂ ਸਬੰਧੀ ਸੰਘਰਸ਼ ਕੀਤਾ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਨਕਸਲੀਆਂ ਦੇ ਨਾਮ ’ਤੇ 3000 ਲੋਕਾਂ ਨੂੰ ਜੇਲ ਭੇਜਿਆ ਗਿਆ। ਇਨ੍ਹਾਂ ਦਾ ਕੇਸ ਹਾਲੇ ਵੀ ਲਟਕਿਆ ਹੈ। ਸਟੇਨ ਇਨ੍ਹਾਂ ਲਈ ਹਾਈ ਕੋਰਟ ਵਿਚ ਲੜ ਰਹੇ ਸਨ। ਹੈਰਾਨੀ ਦੀ ਗੱਲ ਹੈ ਕਿ ਸਟੇਨ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਪਰ ਹਾਈ ਕੋਰਟ ਨੂੰ ਜਾਂਚ ਏਜੰਸੀ ਨੇ ਕਿਹਾ ਸੀ ਕਿ ਉਸ ਦੀ ਤਬੀਅਤ ਵਿਗੜਨ ਦਾ ਕੋਈ ਪੱਕਾ ਪ੍ਰਮਾਣ ਨਹੀਂ ਹੈ।