ਨਵੀਂ ਦਿੱਲੀ : ਅਤਿ ਦੀ ਪੈ ਰਹੀ ਗਰਮੀ ਤੋਂ ਛੇਤੀ ਹੀ ਰਾਹਤ ਮਿਲਣ ਦੀ ਉਮੀਦ ਬੱਝ ਗਈ ਹੈ ਕਿਉਂਕਿ ਮਾਨਸੂਨ ਸਰਗਰਮ ਹੋ ਗਿਆ ਹੈ । ਬੰਗਾਲ ਦੀ ਖਾੜੀ ਤੋਂ ਪੂਰਬ ਵੱਲ ਹੇਠਲੇ ਪੱਧਰਾਂ ਵੱਲ ਵਧਦੀਆਂ ਨਮੀ ਹਵਾਵਾਂ 8 ਜੁਲਾਈ ਤੋਂ ਪੂਰਬੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਹੌਲੀ ਹੌਲੀ ਤੇਜ਼ ਹੋ ਜਾਣਗੀਆਂ। ਜਿਸ ਕਾਰਨ ਦੇਸ਼ ਦੇ ਉਨ੍ਹਾਂ ਖੇਤਰਾਂ ਵਿੱਚ ਵੀ ਮੀਂਹ ਪੈਣਗੇ ਜਿਥੇ ਮਾਨਸੂਨ ਅਜੇ ਤੱਕ ਨਹੀਂ ਪਹੁੰਚਿਆ ਹੈ। ਹਾਲ ਦੀ ਘੜੀ ਮਾਨਸੂਨ ਅਰੁਣਾਚਲ ਪ੍ਰਦੇਸ਼, ਅਸਾਮ, ਮਣੀਪੁਰ, ਨਾਗਾਲੈਂਡ, ਮੇਘਾਲਿਆ, ਤ੍ਰਿਪੁਰਾ, ਸਿੱਕਮ, ਬਿਹਾਰ ਅਤੇ ਮਿਜੋਰਮ ਵਿੱਚ ਦਾਖਲ ਹੋ ਗਿਆ ਹੈ। ਇਸ ਦੇ ਨਾਲ ਹੀ ਮੌਨਸੂਨ ਕਾਰਨ ਪੱਛਮੀ ਬੰਗਾਲ ਵਿੱਚ ਵੀ ਮੀਂਹ ਪੈ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਕਈ ਖੇਤਰਾਂ ਵਿੱਚ ਵੀ ਮਾਨਸੂਨ ਕਾਰਨ ਮੀਂਹ ਪੈਂਦਾ ਨਜ਼ਰ ਆ ਰਿਹਾ ਹੈ। ਮੌਸਮ ਵਿਭਾਗ ਨੇ ਦੱਸਿਆ ਹੈ ਕਿ ਹੁਣ ਉੜੀਸਾ ਦੇ ਕਈ ਜ਼ਿਲ੍ਹਿਆਂ ਵਿੱਚ ਬਾਰਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੁਆਰਾ ਦਿਤੀ ਜਾਣਕਾਰੀ ਅਨੁਸਾਰ ਮਾਨਸੂਨ ਛੱਤੀਸਗੜ, ਮੱਧ ਪ੍ਰਦੇਸ਼, ਵਿਦਰਭ, ਤੇਲੰਗਾਨਾ, ਆਂਧਰਾ ਪ੍ਰਦੇਸ਼, ਤੱਟੀ ਕਰਨਾਟਕ, ਕੇਰਲ ਅਤੇ ਤਾਮਿਲਨਾਡੂ ਦੇ ਕਈ ਹਿੱਸਿਆਂ ਵਿੱਚ ਵੀ ਪਹੁੰਚ ਚੁੱਕਿਆ ਹੈ ਅਤੇ ਬਾਰਸ਼ ਹੋ ਰਹੀ ਹੈ। ਓਡੀਸ਼ਾ ਵਿੱਚ ਭਾਰੀ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਜਿਨ੍ਹਾਂ ਜ਼ਿਲ੍ਹਿਆਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ, ਉਹ ਹਨ ਮਯੂਰਭੰਜ, ਕੀਨਝਾਰ, ਬਾਲਾਸੌਰ, ਕੰਧਮਲ, ਬੌਧ, ਕਾਲਹੰਡੀ ਅਤੇ ਗੰਜਾਮ। ਮੌਸਮ ਵਿਭਾਗ ਅਨੁਸਾਰ ਹੁਣ ਮਾਨਸੂਨ ਦਿੱਲੀ ਵਲੋਂ ਹੁੰਦਾ ਹੋਇਆ ਹਰਿਆਣਾ ਅਤੇ ਪੰਜਾਬ ਵੀ ਛੇਤੀ ਹੀ ਪੁੱਜ ਸਕਦਾ ਹੈ।