ਨਵੀਂ ਦਿੱਲੀ: ਕਾਂਗਰਸ ਨੇ ਕੇਂਦਰੀ ਵਜ਼ਾਰਤ ਤੋਂ ਸਿਹਤ ਮੰਤਰੀ ਹਰਸ਼ਵਰਧਨ ਦੇ ਅਸਤੀਫ਼ੇ ਦੇਣ ਬਾਅਦ ਦੋਸ਼ ਲਾਇਆ ਕਿ ਕੋਰੋਨਾ ਮਹਾਂਮਾਰੀ ਨਾਲ ਸਿੱਝਣ ’ਚ ‘ਨਾਕਾਮੀ’ ਲਈ ਉਨ੍ਹਾਂ ਨੂੰ ਬਲੀ ਦਾ ਬਕਰਾ ਬਣਾਇਆ ਗਿਆ। ਵਿਰੋਧੀ ਪਾਰਟੀ ਨੇ ਇਹ ਸਵਾਲ ਵੀ ਕੀਤਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਹਤ ਮੰਤਰੀ ਦਾ ਅਸਤੀਫ਼ਾ ਲੈ ਕੇ ਅਪਣਾ ਪੱਲਾ ਝਾੜ ਲੈਣਗੇ? ਕਾਂਗਰਸ ਦੇ ਸੀਨੀਅਰ ਆਗੂ ਪੀ ਚਿਦੰਬਰ ਨੇ ਟਵਿਟਰ ’ਤੇ ਕਿਹਾ, ‘ਕੇਂਦਰੀ ਸਿਹਤ ਮੰਤਰੀ ਅਤੇ ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ ਦਾ ਅਸਤੀਫ਼ਾ ਇਸ ਗੱਲ ਦੀ ਠੋਸ ਪ੍ਰਵਾਨਗੀ ਹੈ ਕਿ ਮੋਦੀ ਸਰਕਾਰ ਕੋਰੋਨਾ ਮਹਾਂਮਾਰੀ ਨਾਲ ਸਿੱਝਣ ਵਿਚ ਪੂਰੀ ਤਰ੍ਹਾਂ ਨਾਕਾਮ ਰਹੀ।’ ਉਨ੍ਹਾਂ ਦਾਅਵਾ ਕੀਤਾ ਕਿ ਇਹ ਅਸਤੀਫ਼ਾ ਮੰਤਰੀਆਂ ਲਈ ਸਬਕ ਹੈ। ਜੇ ਚੀਜ਼ਾਂ ਚੰਗੀਆਂ ਹੋਣਗੀਆਂ ਤਾਂ ਸਿਹਰਾ ਪ੍ਰਧਾਨ ਮੰਤਰੀ ਨੂੰ ਜਾਵੇਗਾ, ਪਰ ਜੇ ਚੀਜ਼ਾਂ ਖ਼ਰਾਬ ਹੋ ਜਾਂਦੀਆਂ ਹਨ ਤਾਂ ਫਿਰ ਮੰਤਰੀ ’ਤੇ ਗਾਜ ਡਿੱਗੇਗੀ। ਜੀ ਹਜ਼ੂਰੀ ਅਤੇ ਚਾਪਲੂਸੀ ਦੀ ਕੀਮਤ ਤਾਰਨੀ ਪੈਂਦੀ ਹੈ।’ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸਵਾਲ ਕੀਤਾ, ‘ਜਿਸ ਮਹਾਂਮਾਰੀ ਦਾ ਪ੍ਰਬੰਧਨ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੇ ਮਾਧਿਅਮ ਨਾਲ ਕੀਤਾ ਜਾ ਰਿਹਾ ਹੈ, ਉਸ ਦੇ ਪ੍ਰਮੁੱਖ ਪ੍ਰਧਾਨ ਮੰਤਰੀ ਖ਼ੁਦ ਹ। ਕੀ ਉਹ ਵੀ ਅਪਣੇ ਗ਼ੈਰ ਜ਼ਿੰਮੇਦਾਰਾਨਾ ਵਿਹਾਰ ਦੀ ਜ਼ਿੰਮੇਵਾਰੀ ਲੈਣਗੇ? ਅਸਤੀਫ਼ਾ ਦੇਣਗੇ? ਜਾਂ ਇਕੱਲੇ ਸਿਹਤ ਮੰਤਰੀ ਨੂੰ ਬਲੀ ਦਾ ਬਕਰਾ ਬਣਾ ਕੇ ਅਪਣਾ ਪੱਲਾ ਝਾੜ ਲੈਣਗੇ? ਹਰਸ਼ਵਰਧਨ ਦਾ ਅਸਤੀਫ਼ਾ ਅਜਿਹੇ ਸਮੇਂ ਆਇਆ ਜਦ ਮੰਤਰੀ ਮੰਡਲ ਵਿਚ ਵਿਸਤਾਰ ਹੋਣਾ ਤੈਅ ਸੀ।