ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਵੀਰਭਦਰ ਸਿਘ ਦਾ ਲੰਮੀ ਬੀਮਾਰੀ ਮਗਰੋਂ ਅੱਜ ਤੜਕੇ ਦਿਹਾਂਤ ਹੋ ਗਿਆ। ਉਹ 87 ਸਾਲਾਂ ਦੇ ਸਨ। ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੀਨੀਅਰ ਡਾਕਟਰ ਜਨਕ ਰਾਜ ਨੇ ਦਸਿਆ ਕਿ ਸਾਬਕਾ ਮੁੱਖ ਮੰਤਰੀ ਨੇ ਤੜਕੇ 3.40 ਵਜੇ ਹਸਪਤਾਲ ਵਿਚ ਆਖ਼ਰੀ ਸਾਹ ਲਿਆ। ਸੋਮਵਾਰ ਨੂੰ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ ਸੀ। ਸਾਹ ਲੈਣ ਵਿਚ ਤਕਲੀਫ਼ ਹੋਣ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰਖਿਆ ਗਿਆ ਸੀ। ਪੰਜ ਵਾਰ ਸੰਸਦ ਮੈਂਬਰ ਅਤੇ ਨੌਂ ਵਾਰ ਵਿਧਾਇਕ ਰਹੇ ਵੀਰਭਦਰ ਸਿੰਘ ਛੇ ਵਾਰ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ। ਉਹ ਕੇਂਦਰ ਸਰਕਾਰ ਵਿਚ ਮੰਤਰੀ ਵੀ ਰਹੇ। ਉਨ੍ਹਾਂ ਦੇ ਪਰਵਾਰ ਵਿਚ ਪਤਨੀ ਪ੍ਰਤਿਭਾ ਸਿੰਘ ਅਤੇ ਬੇਟਾ ਵਿਕਰਮਾਤਿਯ ਸਿੰਘ ਹੈ। ਉਨ੍ਹਾਂ ਦੀ ਪਤਨੀ ਸਾਬਕਾ ਸੰਸਦ ਮੈਂਬਰ ਹੈ ਜਦਕਿ ਬੇਟਾ ਸ਼ਿਮਲਾ ਗ੍ਰਾਮੀਣ ਤੋਂ ਵਿਧਾਇਕ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਉਨ੍ਹਾਂ ਦੇ ਦਿਹਾਂਤ ’ਤੇ ਦੁੱਖ ਪ੍ਰਗਟ ਕੀਤਾ। ਹਿਮਾਚਲ ਸਰਕਾਰ ਨੇ ਉਨ੍ਹਾਂ ਦੇ ਸਤਿਕਾਰ ਵਿਚ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਉਹ 11 ਜੂਨ ਨੂੰ ਦੋ ਮਹੀਨੇ ਵਿਚ ਦੂਜੀ ਵਾਰ ਕੋਵਿਡ ਦੀ ਲਪੇਟ ਵਿਚ ਆਏ ਸਨ। ਇਸ ਤੋਂ ਪਹਿਲਾਂ 12 ਅਪ੍ਰੈਲ ਨੂੰ ਇਸ ਮਹਾਂਮਾਰੀ ਦੀ ਲਪੇਟ ਵਿਚ ਆਏ ਸਨ। ਉਸ ਸਮੇਂ ਉਨ੍ਹਾਂ ਨੂੰ ਚੰਡੀਗੜ੍ਹ ਦੇ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ। ਪਹਿਲੀ ਵਾਰ ਠੀਕ ਹੋਣ ਮਗਰੋਂ ਉਹ ਇਥੇ ਅਪਣੇ ਘਰ ਹੋਲੀ ਲਾਜ਼ ਵਿਖੇ ਮੁੜ ਆਏ ਸਨ। ਸ਼ਿਮਲਾ ਜ਼ਿਲ੍ਹੇ ਵਿਚ ਬੁਸ਼ਹਰ ਦੇ ਸ਼ਾਹੀ ਪਰਵਾਰ ਨਾਲ ਸਬੰਧਤ ਵੀਰਭਦਰ ਸਿੰਘ ਦਾ ਜਨਮ 23 ਜੂਨ 1934 ਨੂੰ ਹੋਇਆ ਸੀ। ਉਨ੍ਹਾਂ ਬਿਸ਼ਪ ਕਾਟਨ ਸਕੂਲ ਸ਼ਿਮਲਾ ਵਿਚ ਪੜ੍ਹਾਈ ੀਤੀ ਅਤੇ ਦਿੱਲੀ ਦੇ ਸੇਂਟ ਸਟੀਫ਼ਨ ਕਾਲਜ ਵਿਚ ਮਾਸਟਰ ਡਿਗਰੀ ਕੀਤੀ।