ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਪਟਰੌਲ-ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧੇ ਵਿਰੁਧ ਦੋਹਾਂ ਰਾਜਾਂ ਵਿਚ ਕਈ ਥਾਵਾਂ ’ਤੇ ਵੀਰਵਾਰ ਨੂੰ ਪ੍ਰਦਰਸ਼ਨ ਕੀਤੇ। ਸੰਯੁਕਤ ਕਿਸਾਨ ਮੋਰਚਾ ਨੇ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤਕ ਪ੍ਰਦਸ਼ਨ ਦਾ ਸੱਦਾ ਦਿਤਾ ਸੀ। ਐਸਕੇਐਮ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁਧ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਅੰਦੋਲਨ ਦੀ ਅਗਵਾਈ ਕਰ ਰਿਹਾ ਹੈ। ਪ੍ਰਦਰਸ਼ਨਕਾਰੀਆਂ ਨੇ ਅਪਣੇ ਟਰੈਕਟਰ ਅਤੇ ਹੋਰ ਵਾਹਨ ਸੜਕਾਂ ਕੰਢੇ ਖੜੇ ਕਰ ਦਿਤੇ ਅਤੇ ਪਟਰੌਲ, ਡੀਜ਼ਲ ਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਵਿਰੁਧ ਕੇਂਦਰ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ। ਉਨ੍ਹਾਂ ਵਿਚੋਂ ਕੁਝ ਲੋਕ ਵਿਰੋਧ ਵਜੋਂ ਐਲਪੀਜੀ ਦੇ ਖ਼ਾਲੀ ਸਲੰਡਰ ਲੈ ਕੇ ਆਏ ਸਨ। ਅੰਦੋਲਨਕਾਰੀ ਕਿਸਾਨਾਂ ਨੇ ਕੁਝ ਮਿੰਟਾਂ ਲਈ ਅਪਣੀਆਂ ਗੱਡੀਆਂ ਦੇ ਹਾਰਨ ਵਜਾਏ ਅਤੇ ਕਿਹਾ ਕਿ ਇਹ ਸਰਕਾਰ ਨੂੰ ਨੀਂਦ ਤੋਂ ਜਗਾਉਣ ਲਈ ਕੀਤਾ ਗਿਆ ਹੈ। ਕਿਸਾਨਾਂ ਨੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਨੂੰ ਕਾਬੂ ਹੇਠ ਲਿਆਉਣ ਵਿਚ ਨਾਕਾਮ ਰਹਿਣ ’ਤੇ ਸਰਕਾਰ ਨੂੰ ਕਰੜੇ ਹੱਥੀਂ ਲਿਆ। ਅਧਿਕਾਰੀਆਂ ਨੇ ਦਸਿਆ ਕਿ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਧਰਨੇ ਵਾਲੀਆਂ ਥਾਵਾਂ ਕੋਲ ਭਾਰੀ ਗਿਣਤੀ ਵਿਚ ਪੁਲਿਸ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਗਿਆ ਸੀ। ਪ੍ਰਦਰਸ਼ਨ ਪੰਜਾਬ ਦੇ ਮੋਹਾਲੀ, ਅੰਮ੍ਰਿਤਸਰ, ਲੁਧਿਆਣਾ, ਮੋਗਾ ਅਤੇ ਰੂਪਨਗਰ ਵਿਚ ਅਤੇ ਹਰਿਆਣਾ ਦੇ ਸੋਨੀਪਤ, ਸਿਰਸਾ ਅਤੇ ਗੋਹਾਣਾ ਵਿਚ ਕਈ ਥਾਵਾਂ ’ਤੇ ਕੀਤੇ ਗਏ। ਲੁਧਿਆਣਾ ਵਿਚ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ ਨੇ ਪਟਰੌਲ ਅਤੇ ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ ਸਬੰਧੀ ਕੇਂਦਰ ਦੀ ਭਾਜਪਾ ਸਰਕਾਰ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਹਰ ਦਿਨ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਧ ਰਹੀਆਂ ਹਨ ਜਿਸ ਦਾ ਸਮਾਜ ਦੇ ਹਰ ਵਰਗ ’ਤੇ ਮਾੜਾ ਅਸਰ ਪੈ ਰਿਹਾ ਹੈ। ਸਿਰਸਾ ਵਿਚ ਪ੍ਰਦਰਸ਼ਨਕਾਰੀ ਵਿਰੋਧ ਵਿਚ ਚਾਰਪਹੀਆ ਗੱਡੀ ਨੂੰ ਖਿੱਚਣ ਲਈ ਊਠ ਲੈ ਕੇ ਆਇਆ।