ਨਵੀਂ ਦਿੱਲੀ : ਕੇਂਦਰੀ ਵਜ਼ਾਰਤ ਤੋਂ ਰਵੀਸ਼ੰਕਰ ਪ੍ਰਸਾਦ, ਹਰਸ਼ਵਰਧਨ ਅਤੇ ਪ੍ਰਕਾਸ਼ ਜਾਵੜੇਕਰ ਸਮੇਤ 12 ਮੰਤਰੀਆਂ ਦੀ ਵਿਦਾਈ ਦੇ ਬਾਅਦ ਹੁਣ ਇਨ੍ਹਾਂ ਆਗੂਆ ਦੇ ਰਾਜਸੀ ਭਵਿੱਖ ਬਾਰੇ ਕਿਆਫ਼ੇ ਲਾਏ ਜਾ ਰਹੇ ਹਨ। ਸੰਭਾਵਨਾ ਹੈ ਕਿ ਇਨ੍ਹਾਂ ਵਿਚੋਂ ਕੁਝ ਨੂੰ ਭਾਜਪਾ ਪਾਰਟੀ ਵਿਚ ਅਹਿਮ ਜ਼ਿੰਮੇਵਾਰੀ ਦਿਤੀ ਜਾ ਸਕਦੀ ਹੈ। ਕੇਂਦਰੀ ਮੰਤਰੀ ਮੰਡਲ ਵਿਚ ਬੁਧਵਾਰ ਨੂੰ ਹੋਏ ਫੇਰਬਦਲ ਅਤੇ ਵਿਸਤਾਰ ਵਿਚ ਭਾਜਪਾ ਜਨਰਲ ਸਕੱਤਰ ਭੁਪਿੰਦਰ ਯਾਦਵ ਅਤੇ ਕੌਮੀ ਮੀਤ ਪ੍ਰਧਾਨ ਅੰਨਪੂਰਨਾ ਦੇਵੀ ਸਮੇਤ ਪਾਰਟੀ ਸੰਗਠਨ ਵਿਚ ਵੱਖ ਵੱਖ ਜ਼ਿੰਮੇਵਾਰੀਆਂ ਸੰਭਾਲ ਰਹੇ ਪੰਜ ਆਗੂਆਂ ਨੂੰ ਮੰਤਰੀ ਬਣਾਇਆ ਗਿਆ ਹੈ। ਯਾਦ ਨੂੰ ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰੀ ਬਣਾਇਆ ਗਿਆ ਹੈ। ਅੰਨਪੂਰਨਾ ਨੂੰ ਸਿਖਿਆ ਰਾਜ ਮੰਤਰੀ ਬਣਾਇਆ ਗਿਆ ਹੈ। ਪਾਰਟੀ ਦੇ ਰਾਸ਼ਟਰੀ ਸਕੱਤਰ ਵਿਸ਼ਵੇਸ਼ਵਰ ਟੁਡੂ, ਰਾਸ਼ਟਰੀ ਬੁਲਾਰੇ ਰਾਜੀਵ ਚੰਦਰਸ਼ੇਖ਼ਰ ਅਤੇ ਤਾਮਿਲਨਾਡੂ ਭਾਜਪਾ ਦੇ ਪ੍ਰਧਾਨ ਐਲ ਮੁਰਗੁਨ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਗਿਆ ਹੈ। ਭਾਜਪਾ ਵਿਚ ਇਕ ਵਿਅਕਤੀ, ਇਕ ਅਹੁਦਾ ਸਿਧਾਂਤ ਲਾਗੂ ਹੈ, ਇਸ ਲਈ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਵਿਚ ਸ਼ਾਮਲ ਕੀਤੇ ਗਏ ਆਗੂਆਂ ਦੀ ਥਾਂ ਨਵੇਂ ਲੋਕਾਂ ਨੂੰ ਦਿਤੀ ਜਾ ਸਕਦੀ ਹੈ। ਥਾਵਰਚੰਦ ਗਹਿਲੋਤ, ਸੰਤੋਸ਼ ਗੰਗਵਾਰ, ਰਮੇਸ਼ ਪੋਖਰਿਆਲ ਨਿਸ਼ੰਕ, ਸਦਾਨੰਦ ਗੌੜਾ, ਬਾਬੁਲ ਸੁਪਰਿਉ, ਦੇਵਸ੍ਰੀ ਚੌਧਰੀ, ਸੰਜੇ ਧੋਤਰੇ, ਰਤਨਲਾਲ ਕਟਾਰੀਆ ਅਤੇ ਪ੍ਰਤਾਪ ਚੰਦ ਸਾਰੰਗੀ ਨੂੰ ਵੀ ਮੰਤਰੀ ਮੰਡਲ ਤੋਂ ਹਟਾਇਆ ਗਿਆ ਹੈ। ਗਹਿਲੋਤ ਨੂੰ ਤਾਂ ਕਰਨਾਟਕ ਦਾ ਰਾਜਪਾਲ ਨਿਯੁਕਤ ਕਰ ਦਿਤਾ ਗਿਆ ਅਤੇ ਉਨ੍ਹਾਂ ਦੇ ਅਸਤੀਫ਼ੇ ਨਾਲ ਰਾਜ ਸਭਾ ਵਿਚ ਨੇਤਾ ਸਦਨ ਦਾ ਅਹੁਦਾ ਵੀ ਖ਼ਾਲੀ ਹੋ ਗਿਆ ਹੈ।